ਮੋਰਿੰਡਾ, 23 ਦਸੰਬਰ (ਤਰਲੋਚਨ ਸਿੰਘ ਕੰਗ)-ਪਿੰਡ ਕਾਈਨੌਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਮੁੱਲਾਂਪੁਰ ਵਲੋਂ ਕੈਂਸਰ ਸਕਰੀਨਿੰਗ ਕੈਂਪ ਲਗਾਇਆ | ਇਸ ਸੰਬੰਧੀ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਲੋਕਾਂ 'ਚ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਬਿਮਾਰੀ ਦੀ ਸ਼ੁਰੂਆਤੀ ਪਹਿਚਾਣ ਕਰਕੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਰਿਸਰਚ ਸੈਂਟਰ ਦੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸਰਵਾਈਕਲ ਕੈਂਸਰ, ਛਾਤੀ ਕੈਂਸਰ ਤੇ ਮੂੰਹ ਦੇ ਕੈਂਸਰ ਦੀ ਸਕਰੀਨਿੰਗ ਕੀਤੀ ਗਈ | ਕੈਂਪ ਦੌਰਾਨ ਡਾ. ਤਨਵੀਰ ਅਹਿਮਦ ਨੇ ਦੱਸਿਆ ਕਿ ਕੈਂਸਰ ਦੀ ਸ਼ੁਰੂਆਤੀ ਪੜਾਅ ਵਿਚ ਪਛਾਣ ਹੋ ਜਾਣ ਨਾਲ ਇਲਾਜ ਸਫਲ ਹੋ ਸਕਦਾ ਹੈ ਤੇ ਮੌਤ ਦੀ ਦਰ ਵਿਚ ਕਾਫ਼ੀ ਕਮੀ ਆ ਸਕਦੀ ਹੈ | ਇਸ ਮੌਕੇ ਅÏਰਤਾਂ ਨੂੰ ਖ਼ਾਸ ਤੌਰ 'ਤੇ ਨਿਯਮਿਤ ਜਾਂਚ ਕਰਵਾਉਣ, ਸਵੈ ਜਾਂਚ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਵੇਨੂ ਗੁਪਤਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੈਂਪ ਵਿਚ ਵਿਸ਼ੇਸ਼ ਸਹਿਯੋਗ ਕੀਤਾ | ਇਸ ਮੌਕੇ ਪ੍ਰਾਜੈਕਟ ਕੋਆਰਡੀਨੇਟਰ ਦੀਪਕ ਮੇਹਰਾ, ਕਿਰਨਜੀਤ ਕੌਰ, ਸਹਿਜ ਸੈਣੀ, ਕੁਲਵਿੰਦਰ ਕੌਰ, ਸ਼ਗੁਨ, ਪੂਜਾ, ਜਗਤਾਰ ਸਿੰਘ, ਸੁੰਦਰੀ ਦੇਵੀ, ਲਖਮਿੰਦਰ ਸਿੰਘ, ਪਿ੍ਅੰਕਾ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |