ਰੂਪਨਗਰ, 24 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਰੂਪਨਗਰ ਵਲੋਂ 23 ਦਸੰਬਰ 2025 ਨੂੰ ਹੁਕਮ ਜਾਰੀ ਕਰਕੇ ਪਿੰਡ ਪੰਜੋਲਾ ਦੇ ਸਰਪੰਚ ਸੁਖਵਿੰਦਰ ਸਿੰਘ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਅਧੀਨ ਲੱਗੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ | ਜਾਰੀ ਹੁਕਮਾਂ ਅਨੁਸਾਰ ਮੁਅੱਤਲੀ ਸਮੇਂ ਦੌਰਾਨ ਸਰਪੰਚ ਗ੍ਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕੇਗਾ | ਇਸ ਸਬੰਧੀ ਹੁਕਮਾਂ ਦੀਆਂ ਕਾਪੀਆਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ, ਡਿਪਟੀ ਕਮਿਸ਼ਨਰ ਰੂਪਨਗਰ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ | ਇਹ ਕਾਰਵਾਈ ਪਿੰਡ ਪੰਜੋਲਾ ਦੇ ਰਹਿਣ ਵਾਲੇ ਰਣਵੀਰ ਸਿੰਘ ਵਲੋਂ ਦਿੱਤੀ ਗਈ, ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਾਮ ਪੰਚਾਇਤ ਦੇ ਕਾਰਵਾਈ ਰਜਿਸਟਰ ਵਿਚ ਮਤਾ ਮਿਤੀ 13 ਜਨਵਰੀ 2025 ਨੂੰ ਪੰਚ ਰੁਕਸਾਨਾ ਦਾ ਨਾਮ ਕੱਟ ਕੇ ਪੰਚ ਬਰਿੰਦਰ ਸਿੰਘ ਦਾ ਨਾਮ ਦਰਜ ਕੀਤਾ ਗਿਆ, ਜਦਕਿ ਇਸ ਲਈ ਨਵੀਂ ਮੀਟਿੰਗ ਬੁਲਾ ਕੇ ਮਤਾ ਪਾਸ ਕਰਨਾ ਲਾਜ਼ਮੀ ਸੀ | ਹਾਲਾਂਕਿ ਸਰਪੰਚ ਨੇ ਆਪਣੇ ਬਿਆਨਾਂ ਵਿਚ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਸੀ, ਪਰ ਅਧਿਕਾਰੀਆਂ ਮੁਤਾਬਕ ਕਾਰਵਾਈ ਰਜਿਸਟਰ ਸਰਪੰਚ ਦੇ ਅਧੀਨ ਹੀ ਹੁੰਦਾ ਹੈ, ਇਸ ਲਈ ਇਸ ਮਾਮਲੇ ਵਿਚ ਸਰਪੰਚ ਵਲੋਂ ਕੁਤਾਹੀ ਮੰਨੀ ਗਈ | ਸਰਪੰਚ ਵਲੋਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਸੀ ਕਿ ਨਾਮ ਬਦਲਣ ਅਤੇ ਕਟਿੰਗ ਦੀ ਕਾਰਵਾਈ ਪੰਚਾਇਤ ਸਕੱਤਰ ਬਿ੍ਜ ਭੂਸ਼ਣ ਵਲੋਂ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਦੁਰਵਰਤੋਂ ਨਹੀਂ ਹੋਈ, ਪਰ ਜਾਂਚ ਵਿਚ ਇਹ ਦਲੀਲ ਵਾਜਬ ਨਹੀਂ ਮੰਨੀ ਗਈ | ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੇ ਸਰਪੰਚ ਨੂੰ ਦੋਸ਼ੀ ਮੰਨਦੇ ਹੋਏ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ | ਆਮ ਤੌਰ ਤੇ ਅਜਿਹੀਆਂ ਕੁਤਾਹੀਆਂ ਦੇ ਇਲਜ਼ਾਮ ਸਰਪੰਚਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਪਾਈਆਂ ਜਾਂਦੀਆਂ ਹਨ ਜਿਸ ਦਾ ਲਾਹਾ ਸਰਕਾਰੀ ਅਧਿਕਾਰੀ ਵੀ ਲੈ ਲੈਂਦੇ ਹਨ |