ਮਾਜਰੀ, 27 ਦਸੰਬਰ (ਕੁਲਵੰਤ ਸਿੰਘ ਧੀਮਾਨ)-ਦਿੱਲੀ ਦੇ ਬੌਧਿਕ ਸੰਪਤੀ ਕੰਟਰੋਲਰ ਜਨਰਲ ਦੇ ਦਫ਼ਤਰ ਦੁਆਰਾ ਕਰਵਾਏ ਅਟਲ ਬਾਲ ਕਵਿਤਾ ਸੰਮੇਲਨ ਲਈ ਲਕਸ਼ਮੀ ਤਾਰਾ ਰਾਠੌਰ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ-ਮਾਜਰੀ ਦੀਆਂ ਅੱਠਵੀਂ ਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਕਵਿਤਾਵਾਂ ਜਮ੍ਹਾਂ ਕਰਵਾਈਆਂ ਸਨ | ਕਾਨਫ਼ਰੰਸ ਲਈ ਭਾਰਤ ਭਰ 'ਚੋਂ 675 ਕਵਿਤਾਵਾਂ ਆਈਆਂ ਸਨ | ਕੰਟਰੋਲਰ ਜਨਰਲ ਦੇ ਦਫ਼ਤਰ ਨੇ ਇਸ ਸਕੂਲ ਦੀਆਂ 6 ਵਿਦਿਆਰਥਣਾਂ ਦੀਆਂ ਕਵਿਤਾਵਾਂ ਦੀ ਚੋਣ ਕੀਤੀ ਸੀ, ਜਿਨ੍ਹਾਂ 'ਚ ਰਾਜਵੀਰ ਕੌਰ, ਸਹਿਜਪ੍ਰੀਤ ਕੌਰ, ਹਰਕੀਰਤ ਕੌਰ, ਮਾਨਵੀ ਰਾਠੌਰ, ਅੱਠਵੀਂ ਜਮਾਤ ਤੋਂ ਦੀਰਘਾ ਅਤੇ ਦਸਵੀਂ ਜਮਾਤ ਤੋਂ ਪ੍ਰਨੀਤ ਕੌਰ ਸ਼ਾਮਿਲ ਸਨ | ਲਕਸ਼ਮੀ ਤਾਰਾ ਰਾਠੌਰ ਦੇ ਬੱਚਿਆਂ ਨੇ ਆਪ੍ਰੇਸ਼ਨ ਸੰਧੂਰ, ਸਰਕਾਰੀ ਨੀਤੀਆਂ, ਸਮਕਾਲੀ ਮੁੱਦਿਆਂ, ਬੌਧਿਕ ਸੰਪਤੀ ਅਧਿਕਾਰਾਂ ਤੇ ਹੋਰਨਾਂ ਵਿਸ਼ਿਆਂ 'ਤੇ ਕਵਿਤਾਵਾਂ ਲਿਖੀਆਂ ਸੀ | ਉਪਰੰਤ ਕਾਨਫ਼ਰੰਸ ਲਈ 100 'ਚੋਂ 25 ਕਵਿਤਾਵਾਂ ਚੁਣੀਆਂ ਗਈਆਂ, ਜਿਨ੍ਹਾਂ 'ਚੋਂ ਲਕਸ਼ਮੀ ਤਾਰਾ ਰਾਠੌਰ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਦੀਆਂ ਕਵਿਤਾਵਾਂ ਸ਼ਾਮਿਲ ਸਨ | ਕੰਟਰੋਲਰ ਜਨਰਲ ਦੇ ਦਫ਼ਤਰ ਨੇ ਦੀਰਘਾ ਤੇ ਮਾਨਵੀ ਰਾਠੌਰ ਨੂੰ 25 ਦਸੰਬਰ ਨੂੰ ਇਕ ਪੇਸ਼ਕਾਰੀ ਲਈ ਦਿੱਲੀ ਬੁਲਾਇਆ ਸੱਦਿਆ ਸੀ, ਜਿਸ ਦੇਸ਼ ਦੇ ਹੋਰਨਾਂ ਰਾਜਾਂ ਦੇ ਵਿਦਿਆਰਥੀਆਂ ਵਲੋਂ ਵੀ ਭਾਗ ਲਿਆ ਗਿਆ ਸੀ | ਸਮਾਗਮ ਦੌਰਾਨ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਅਰਥਣ ਦੀਰਘਾ ਦੀ ਕਵਿਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਾਪਤੀ ਦੇ ਚਲਦਿਆਂ ਜਿਥੇ ਮਾਨਵੀ ਰਾਠੌਰ ਨੂੰ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ, ਉਥੇ ਹੀ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਦੀਰਘਾ ਨੂੰ ਸਰਟੀਫ਼ਿਕੇਟ ਸਮੇਤ 4 ਹਜ਼ਾਰ ਰੁ. ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ | ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਮਾਨਵੀ ਤੇ ਦੀਰਘਾ ਨੂੰ ਐਸ. ਬੀ. ਆਈ. ਬੈਂਕ ਵਲੋਂ ਕਾਪੀਰਾਈਟ ਸਰਟੀਫ਼ਿਕੇਟ ਦਿੱਤਾ ਜਾਵੇਗਾ | ਇਸ ਉਪਲੱਬਧੀ ਬਦਲੇ ਜੇਤੂ ਬੱਚੀਆਂ ਦੇ ਮਾਪਿਆਂ ਨੇ ਸਕੂਲ ਪਿ੍ੰ. ਨਿਵੇਦਿਤਾ ਸ਼ਰਮਾ ਦਾ ਨਿਰੰਤਰ ਮਾਰਗਦਰਸ਼ਨ ਤੇ ਸਮਰਥਨ ਕਰਨ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ |