ਅਜਨਾਲਾ, 3 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵੱਲੋਂ ਇਸ ਵਾਰ ਮਾਝਾ ਖੇਤਰ ਦੇ ਜ਼ਿਲਿ੍ਹਆਂ ਵਿਚ 5 ਜੂਨ ਤੋਂ ਝੋਨੇ ਦੀ ਬਿਜਾਈ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਹੀ ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਦਾ ਕੰਮ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਦੱਸ ਦੇਈਏ ਕਿ ਇਸ ਵਾਰ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਪੰਜਾਬ ਨੂੰ 3 ਭਾਗਾਂ ਵਿਚ ਵੰਡਿਆ ਗਿਆ ਸੀ | ਅੱਤ ਦੀ ਗਰਮੀ ਪੈਣ ਕਾਰਨ ਤੇ ਬਿਜਲੀ ਸਪਲਾਈ ਘੱਟ ਮਿਲਣ ਦੇ ਬਾਵਜੂਦ ਵੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਜੋਰਾ ਸ਼ੋਰਾਂ ਨਾਲ ਕੱਦੂ ਕੀਤੇ ਜਾ ਰਹੇ ਤੇ ਮਜ਼ਦੂਰਾਂ ਵਲੋਂ ਵੀ ਝੋਨਾ ਲਗਾਉਣ ਲਈ ਪੂਰੀ ਤਰ੍ਹਾਂ ਕਮਰਕੱਸੇ ਕੀਤੇ ਹੋਏ ਹਨ | 'ਅਜੀਤ' ਪ੍ਰਤੀਨਿਧ ਵਲੋਂ ਅੱਜ ਸਰਹੱਦੀ ਪਿੰਡਾਂ ਦੇ ਕੀਤੇ ਸਰਵੇਖਣ ਵਿਚ ਦੇਖਿਆ ਗਿਆ ਕਿ ਜ਼ਿਆਦਾਤਰ ਕਿਸਾਨ ਹਾਲੇ ਆਪਣੇ ਖੇਤਾਂ ਨੂੰ ਝੋਨਾ ਲਗਾਉਣ ਲਈ ਤਿਆਰ ਕਰ ਰਹੇ ਸਨ ਤੇ ਪਾਣੀ ਦੀ ਬੱਚਤ ਕਰਨ ਲਈ ਲੇਜ਼ਰ ਲੈਵਲਰ ਕਰਾਹੇ ਨਾਲ ਆਪਣੀਆਂ ਜ਼ਮੀਨਾਂ ਪੱਧਰੀਆਂ ਕਰਵਾ ਰਹੇ ਸਨ | ਕੁਝ ਕੁ ਪਿੰਡਾਂ ਵਿਚ ਕਿਸਾਨਾਂ ਵਲੋਂ ਸਰਕਾਰ ਵਲੋਂ ਝੋਨਾ ਲਗਾਉਣ ਲਈ ਨਿਸ਼ਚਿਤ ਕੀਤੀ ਤਰੀਕ 5 ਜੂਨ ਨੂੰ ਝੋਨੇ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਕਈ ਕਿਸਾਨ ਤਾਂ ਇੰਨੇ ਕਾਹਲੇ ਵੇਖੇ ਗਏ, ਜਿਨ੍ਹਾਂ ਵਲੋਂ ਖੇਤਾਂ ਵਿਚ ਕੱਦੂ ਮਾਰੇ ਜਾ ਰਹੇ ਸਨ ਤੇ ਪਿੱਛੇ-ਪਿੱਛੇ ਮਜ਼ਦੂਰ ਝੋਨਾ ਵੀ ਲਗਾ ਰਹੇ ਸਨ |
ਭਾਰਤ ਵਲੋਂ ਅਪ੍ਰੇਸ਼ਨ ਸੰਧੂਰ ਤਹਿਤ ਗੁਆਂਢੀ ਮੁਲਕ ਪਾਕਿਸਤਾਨ ਵਿਚਲੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰਨ ਤੋਂ ਬਾਅਦ ਬਣੇ ਜੰਗੀ ਮਾਹੌਲ ਕਾਰਨ ਬਿਹਾਰ ਨਾਲ ਸੰਬੰਧਿਤ ਜ਼ਿਆਦਾਤਰ ਮਜ਼ਦੂਰ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਸਨ, ਜਿਸ ਕਾਰਨ ਇਸ ਵਾਰ ਲੋਕਾਂ ਨੂੰ ਮਜ਼ਦੂਰਾਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ |
ਸਰਹੱਦੀ ਖੇਤਰ 'ਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ ਸਰਕਾਰ ਵਲੋਂ ਅੰਮਿ੍ਤਸਰ ਜ਼ਿਲ੍ਹੇ 'ਚ 5 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦਾ ਕੀਤਾ ਹੈ ਐਲਾਨ
ਅਜੀਤ ਡੈਸਕ
04-06-2025