ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਰਤਨਗੜ੍ਹ ਨਿਵਾਸੀ ਉੱਘੇ ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ ਨੇ ਪਿੰਡ ਦੇ ਸਰਬੱਪਖੀ ਵਿਕਾਸ ਦੇ ਮੁੱਦਿਆਂ ਨੂੰ ਉਭਾਰਦਿਆਂ, ਪਿੰਡ ਵਿਚ ਪੁੱਜੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਇਕ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਹੈ ਕਿ ਪਿੰਡ ਵਿਚ ਸ਼ਮਸ਼ਾਨ ਘਾਟ ਨੂੰ ਜਾਣ ਵਾਲਾ ਰਸਤਾ ਬਹੁਤ ਹੀ ਤਰਸਯੋਗ ਹਾਲਤ ਵਿਚ ਹੈ, ਅਤੇ ਬਰਸਾਤ ਦੇ ਦਿਨਾਂ ਵਿਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਮਸ਼ਾਨਘਾਟ ਵਿਖੇ ਸ਼ੈੱਡ ਬਣਾਇਆ ਜਾਵੇ ਅਤੇ ਰਸਤੇ ਨੂੰ ਪੱਕਾ ਕੀਤਾ ਜਾਵੇ, ਜੋ ਲੋਕਾਂ ਨੇ ਰਸਤੇ ਵਾਹ ਕੇ ਖ਼ਰਾਬ ਕੀਤੇ ਹਨ, ਉਸਦੀ ਛਾਣਬੀਣ ਕੀਤੀ ਜਾਵੇ ਅਤੇ ਬੋਲੀ ਦੇ ਪੈਸੇ ਸ਼ਮਸ਼ਾਨਘਾਟ ਵਿਚ ਲਾਏ ਜਾਣ | ਉਨ੍ਹਾਂ ਮੰਗ ਕੀਤੀ ਕਿ ਰਤਨਗੜ੍ਹ ਤੋਂ ਵਾਇਆ ਥੋਥੀਆਂ ਫਿਰਨੀ 'ਤੇ ਜੀ.ਟੀ. ਰੋਡ ਤੱਕ (3-4 ਕਿਲੋਮੀਟਰ) ਲੁੱਕ ਵਾਲੀ ਸੜਕ ਬਣਾਈ ਜਾਵੇ, ਛੱਪੜ ਦੀ ਸਫ਼ਾਈ ਕਰਵਾਈ ਜਾਵੇ, ਸੜਕ ਨੇੜੇ ਲੱਗੀਆਂ ਰੂੜੀਆਂ ਨੂੰ ਹਟਾਇਆ ਜਾਵੇ ਅਤੇ ਪਿੰਡ ਵਿਚ ਨਾਜਾਇਜ਼ ਕਬਜ਼ੇ ਹਟਾਏ ਜਾਣ | ਹਰਪਾਲ ਸਿੰਘ ਨੇ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਪ੍ਰਤੀ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਨਸ਼ਾ ਪੀਣ ਵਾਲਿਆਂ ਦਾ ਤਸੱਲੀਬਖਸ਼ ਇਲਾਜ ਕਰਵਾਇਆ ਜਾਵੇ | ਇਸ ਸੰਬੰਧੀ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਨ੍ਹਾਂ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ |