ਜੰਡਿਆਲਾ ਗੁਰੂ, 4 ਜੂਨ (ਪ੍ਰਮਿੰਦਰ ਸਿੰਘ ਜੋਸਨ)-ਬੀਤੇ ਦਿਨੀਂ ਘਰੇਲੂ ਕਲੇਸ਼ ਕਾਰਨ ਅਕਾਲ ਚਲਾਣਾ ਕਰ ਗਏ ਬਲਾਕ ਦਫ਼ਤਰ 'ਚੋਂ ਸੇਵਾ ਮੁਕਤ ਸੁਪਰਡੈਂਟ ਕੇਵਲ ਕਿ੍ਸ਼ਨ ਦੇ ਪਰਿਵਾਰ ਨੇ ਇਸ ਲਈ ਆਪਣੀ ਨੂੰਹ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਹੈ | ਇਸ ਸੰਬੰਧ ਵਿਚ ਮਿ੍ਤਕ ਕੇਵਲ ਕਿ੍ਸ਼ਨ ਦੀ ਧਰਮ ਪਤਨੀ ਦਰਸ਼ਨ ਕੌਰ ਵਾਸੀ ਗਰੀਨ ਐਵੀਨਿਊ, ਪਟੇਲ ਨਗਰ, ਜੰਡਿਆਲਾ ਗੁਰੂ ਨੇ ਜਾਣਕਾਰੀ ਦਿੰਦਿਆਂ ਅਤੇ ਪੁਲਿਸ ਵਲੋਂ ਦਰਜ ਕੀਤੀ ਰਪਟ ਅਨੁਸਾਰ ਉਸ ਦੇ ਦੋ ਬੇਟੇ ਦੀਪਕ ਪਾਲ ਸਿੰਘ ਤੇ ਵਿਸ਼ਾਲ ਸਿੰਘ ਅਤੇ ਬੇਟੀ ਗੁਰਪ੍ਰੀਤ ਕੌਰ ਜੋ ਕਿ ਸਾਰੇ ਹੀ ਸ਼ਾਦੀਸ਼ੁਦਾ ਹਨ ਅਤੇ ਉਸਦੇ ਵੱਡੇ ਲੜਕੇ ਦੀਪਕ ਪਾਲ ਸਿੰਘ ਦਾ ਵਿਆਹ ਦਸ ਕੁ ਸਾਲ ਪਹਿਲਾਂ ਸਿਮਰਨਜੀਤ ਕੌਰ ਉਰਫ ਚੈਰੀ ਵਾਸੀ ਜੰਡਿਆਲਾ ਗੁਰੂ ਨਾਲ ਹੋਇਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਵੱਡੀ ਨੂੰਹ ਸ਼ੁਰੂ ਤੋਂ ਹੀ ਉਸਦੇ ਲੜਕੇ ਦੀਪਕ ਪਾਲ ਸਿੰਘ ਤੇ ਸਾਡੇ ਪਰਿਵਾਰ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ | ਦਰਸ਼ਨ ਕੌਰ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਅਪ੍ਰੈਲ ਨੂੰ ਉਸ ਦੀ ਵੱਡੀ ਨੂੰਹ ਸਾਡੇ ਨਾਲ ਲੜਾਈ ਝਗੜਾ ਕਰਕੇ ਆਪਣੇ ਪੇਕੇ ਘਰ ਚਲੀ ਗਈ ਅਤੇ 31 ਮਈ 2025 ਨੂੰ ਆਪਣੀ ਸਕੂਟਰੀ 'ਤੇ ਸਾਡੇ ਘਰ ਵਾਪਸ ਆ ਗਈ ਅਤੇ ਆਉਂਦਿਆਂ ਹੀ ਇਸਨੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੇ ਨਾਲ ਧੱਕਾ ਮੁਕੀ ਕੀਤੀ ਅਤੇ ਮੇਰੇ ਪਤੀ ਕੇਵਲ ਕਿ੍ਸ਼ਨ ਨਾਲ ਝਗੜਾ ਕਰਨ ਲੱਗ ਪਈ ਅਤੇ ਉਸਦੇ ਹੱਥੀ ਪੈ ਗਈ ਅਤੇ ਜਦੋਂ ਮੇਰੇ ਪਤੀ ਕੁਰਸੀ 'ਤੇ ਬੈਠਣ ਲੱਗੇ ਤਾਂ ਇਸ ਨੇ ਧੱਕਾ ਦੇ ਦਿੱਤਾ ਅਤੇ ਉਸਦੀ ਪੱਗ ਲੱਥ ਗਈ ਤੇ ਉਹ ਹੇਠਾਂ ਡਿੱਗ ਪਏ ਅਤੇ ਉਸੇ ਵੇਲੇ ਹੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਦਰਸ਼ਨ ਕੌਰ ਨੇ ਆਪਣੇ ਪਤੀ ਕੇਵਲ ਕ੍ਰਿਸ਼ਨ ਦੀ ਮੌਤ ਲਈ ਆਪਣੀ ਨੂੰਹ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਤੇ ਇਨਸਾਫ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜੇਰੇ ਧਾਰਾ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਪੁਲਿਸ ਚੌਂਕੀ ਜੰਡਿਆਲਾ ਗੁਰੂ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਕੇਵਲ ਕਿ੍ਸ਼ਨ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਅਤੇ ਮੈਡੀਕਲ ਓਪੀਨੀਅਨ ਲੈਣ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |