28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਧੁੱਸੀ ਬੰਨ ਟੁੱਟਣ ਕਾਰਨ 10 ਮਿੰਟਾਂ ਵਿਚ ਹੀ ਪਿੰਡਾਂ ਵਿਚ ਪਾਣੀ ਨੇ ਮਚਾਈ ਤਬਾਹੀ

Ad Position 21
No active advertisement
ਹਲਕਾ ਅਜਨਾਲਾ ਦੇ ਦਰਜਨਾਂ ਪਿੰਡਾਂ 'ਚ ਬਰਬਾਦੀ ਦਾ ਕਾਰਨ ਬਣਿਆ ਰਾਵੀ ਦਰਿਆ ਦਾ ਟੁੁੱਟਾ ਹੋਇਆ ਧੁੱਸੀ ਬੰਨ੍ਹ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 03-09-2025
ਅਜਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਹਫਤੇ ਪਹਾੜੀ ਰਾਜਾਂ ਵਿਚ ਹੋਈ ਭਾਰੀ ਬਰਸਾਤ ਕਾਰਨ ਰਾਵੀ ਦਰਿਆ ਵਿਚ ਛੱਡੇ ਭਾਰੀ ਮਾਤਰਾ ਵਿਚ ਪਾਣੀ ਕਾਰਨ ਪਿੰਡ ਬੇਦੀ ਛੰਨਾ ਨਜ਼ਦੀਕ ਧੁੱਸੀ ਬੰਨ ਦੇ ਟੁੱਟਣ ਕਾਰਨ ਆਸ-ਪਾਸ ਦੇ ਪਿੰਡਾਂ ਵਿਚ ਰਾਵੀ ਦਰਿਆ ਦੇ ਪਾਣੀ ਨੇ 10 ਮਿੰਟਾਂ ਵਿਚ ਤਬਾਹੀ ਮਚਾਈ, ਜਿਸ ਕਾਰਨ ਜਿੱਥੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਈ ਉਥੇ ਹੀ ਬਹੁਤ ਸਾਰੇ ਪਸ਼ੂਆਂ ਅਤੇ ਕਰੀਬ 3 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਦੇ ਨਾਲ ਨਾਲ ਪਾਣੀ ਵਲੋਂ ਮਚਾਈ ਤਬਾਹੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ | ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਸਰਹੱਦੀ ਪਿੰਡ ਬੇਦੀ ਛੰਨਾ ਵਿਚ ਰਾਵੀ ਦਰਿਆ ਕਿਨਾਰੇ ਬਣਾਏ ਧੁੱਸੀ ਬੰਨ ਦੇ ਟੁੱਟ ਜਾਣ ਉਪਰੰਤ ਸਭ ਤੋਂ ਪਹਿਲਾਂ ਮੌਕੇ 'ਤੇ ਪੁੱਜੀ 'ਅਜੀਤ' ਟੀਮ ਨਾਲ ਗੱਲਬਾਤ ਕਰਦਿਆਂ ਬੇਦੀ ਛੰਨਾਂ ਦੇ ਹੜ੍ਹ੍ਹ੍ਹ ਪੀੜਤ ਅਤੇ ਧੁੱਸੀ ਬੰਨ ਟੁੱਟਣ ਦੇ ਪ੍ਰਤੱਖਦਰਸ਼ੀ ਹਰਨੇਕ ਸਿੰਘ ਨੇ ਦੱਸਿਆ ਕਿ 27-28 ਅਗਸਤ ਦੀ ਦਰਮਿਆਨੀ ਰਾਤ ਨੂੰ ਆਸ-ਪਾਸ ਦੇ ਇਲਾਕਾ ਵਾਸੀ ਧੁੱਸੀ ਬੰਨ੍ਹ ਤੇ ਇਕੱਤਰ ਹੋ ਕੇ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਇਕੱਤਰ ਹੋਏ ਸਨ, ਕਰੀਬ 6 ਵਜੇ ਰਾਵੀ ਦਰਿਆ ਵਿਚ ਆਏ ਪਾਣੀ ਨੇ ਧੁੱਸੀ ਬੰਨ ਨੂੰ ਢਾਹ ਲਾਈ ਅਤੇ ਕੁਝ ਮਿੰਟਾਂ ਵਿਚ ਹੀ ਪਾਣੀ ਨੇ ਧੁੱਸੀ ਬੰਨ ਨੂੰ ਤੋੜ ਦਿੱਤਾ | ਉਨ੍ਹਾਂ ਦੱਸਿਆ ਕਿ ਧੁੱਸੀ ਬੰਨ ਟੁੱਟਣ ਦੇ ਸਿਰਫ 10 ਮਿੰਟਾਂ ਵਿਚ ਹੀ ਨੇੜਲੇ ਪਿੰਡਾਂ ਅਤੇ ਘਰਾਂ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਵੱਡੀ ਤਬਾਹੀ ਮਚਾਈ | ਉਨ੍ਹਾਂ ਦੱਸਿਆ ਕਿ ਧੁੱਸੀ ਬੰਨ ਟੁੱਟਣ ਕਾਰਨ ਕਰੀਬ 7 ਤੋਂ 10 ਫੁੱਟ ਉੱਚੀ ਲਹਿਰ ਨੇ ਸਰਹੱਦ ਨੇੜਲੇ ਪਿੰਡਾਂ ਵਿਚ ਤਬਾਹੀ ਮਚਾਈ | ਪ੍ਰਤੱਖਦਰਸ਼ੀ ਹਰਨੇਕ ਸਿੰਘ ਨੇ ਅੱਗੇ ਦੱਸਿਆ ਕਿ ਬੀਤੇ ਦੋ-ਤਿੰਨ ਦਿਨਾਂ ਤੋਂ ਹੜ੍ਹਾਂ ਦੇ ਪਾਣੀ ਦਾ ਪੱਧਰ ਘੱਟਣ ਤੇ ਦੇਖਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਵੱਡੀ ਮਾਤਰਾ ਵਿਚ ਰੇਤ ਜਮ੍ਹਾਂ ਹੋ ਗਈ ਹੈ, ਜਿਸ ਕਾਰਨ ਜਿਥੇ ਝੋਨੇ, ਕਮਾਦ, ਸਬਜੀਆਂ ਤੇ ਪਸ਼ੂਆਂ ਦੇ ਚਾਰੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋਈ ਹੈ ਉਥੇ ਹੀ ਖੇਤਾਂ ਵਿਚ ਜਮ੍ਹਾਂ ਰੇਤ ਕਾਰਨ ਕਣਕ ਦੀ ਫ਼ਸਲ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ | ਉਨ੍ਹਾਂ ਦੱਸਿਆ ਕਿ ਬੇਦੀ ਛੰਨਾਂ ਤੋਂ ਇਲਾਵਾ ਘੋਹਨੇਵਾਲਾ ਅਤੇ ਸ਼ਹਿਜਾਦਾ ਪਿੰਡ ਨਜ਼ਦੀਕ ਧੁੱਸੀ ਬੰਨ ਵਿਚ ਪਏ ਪਾੜ ਕਾਰਨ ਰਾਵੀ ਦਰਿਆ ਦੇ ਪਾਣੀ ਨੇ ਮੰਡ ਖੇਤਰ ਦੇ ਸੈਂਕੜੇ ਪਰਿਵਾਰਾਂ ਨੂੰ ਚਾਰੋਂ ਪਾਸੇ ਤੋਂ ਘੇਰ ਲਿਆ ਅਤੇ ਉਨ੍ਹਾਂ ਨੂੰ ਆਪਣੀ ਜਾਨ ਬਚਾਉਣੀ ਮੁਸ਼ਕਿਲ ਹੋਈ |
Ad Position 22
No active advertisement
ਪਿਛਲੀ ਖ਼ਬਰ ਅਧਿਕਾਰ ਸੰਘਰਸ਼ ਪਾਰਟੀ ਦੀ ਅਪਾਹਜਾਂ ਦੀਆਂ ਮੁਸ਼ਕਲਾਂ ਤੇ ਹੜ੍ਹਾਂ ਨੂੰ ਲੈ ਕੇ ਮੀਟਿੰਗ <br/> ਅਗਲੀ ਖ਼ਬਰ ਸਿਹਤ ਮੰਤਰੀ ਵਲੋਂ ਹੜ੍ਹ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/>
Ad Position 24