ਨਵਾਂ ਪਿੰਡ, 2 ਸਤੰਬਰ (ਜਸਪਾਲ ਸਿੰਘ)-ਅਪਹਾਜ ਵਿਅਕਤੀਆਂ ਦੀਆਂ ਮੁਸ਼ਕਲਾਂ ਸੁਣਨ ਤੇ ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਅਧਿਕਾਰ ਸੰਘਰਸ਼ ਪਾਰਟੀ ਦੀ ਅਹਿਮ ਮੀਟਿੰਗ ਰਾਸ਼ਟਰੀ ਪ੍ਰਧਾਨ ਇੰਜ: ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੀ ਅਗਵਾਈ 'ਚ ਹੋਈ | ਇਸ ਮੌਕੇ ਪ੍ਰਧਾਨ ਸ਼ੇਰਗਿੱਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਛੇ ਲੱਖ ਦੇ ਕਰੀਬ ਅਪਾਹਜ ਲੋਕਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਨੁਮਾਇੰਦਿਆਂ ਨੇ ਕਈ ਮੀਟਿੰਗਾਂ ਕਰਨ ਤੋਂ ਬਾਅਦ ਸਿਵਾਏ ਲਾਰਿਆਂ ਤੋਂ ਉਨ੍ਹਾਂ ਦਾ ਕੁਝ ਨਹੀਂ ਸੰਵਾਰਿਆ | ਸ਼ੇਰਗਿੱਲ ਨੇ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ 'ਤੇ ਅਪਾਹਜ, ਵਿਧਵਾ ਅਤੇ ਬੁਢਾਪਾ ਪੈਨਸ਼ਨ 5100/-ਰੁਪਏ ਹੋਵੇਗੀ ਆਦਿ | ਉਨ੍ਹਾਂ ਕਿਹਾ ਕਿ ਅਸਪਾ ਦੀ ਸਰਕਾਰ ਬਣਨ 'ਤੇ ਹੜ੍ਹਾਂ ਦੀ ਰੋਕਥਾਮ ਲਈ ਪੰਚਾਇਤਾਂ ਦੀ ਮਦਦ ਨਾਲ ਡਰੇਨਾਂ ਦੀ ਸਫਾਈ ਕਰਵਾ ਕੇ ਇਸ ਤੋਂ ਹੋਣ ਵਾਲੀ ਆਮਦਨ ਨਾਲ ਹੀ ਡਰੇਨਾਂ, ਨਹਿਰਾਂ ਤੇ ਸੜਕਾਂ ਦੇ ਕੰਢੇ ਰੁੱਖ ਲਗਾਏ ਜਾਣਗੇ |