ਹਰਸਾ ਛੀਨਾ, 5 ਸਤੰਬਰ (ਕੜਿਆਲ)-ਬੀਤੇ ਕੁਝ ਦਿਨਾਂ ਤੋਂ ਪਹਾੜੀ ਖੇਤਰਾਂ ਵਿਚ ਹੋ ਰਹੀ ਭਾਰੀ ਬਰਸਾਤ ਕਾਰਨ ਜ਼ਿਲ੍ਹਾ ਅੰਮਿ੍ਤਸਰ ਵਿਚ ਆਏ ਹੜਾਂ ਦੇ ਪਾਣੀਆਂ ਨੇ ਕਹਿਰ ਮਚਾਉਂਦੇ ਹੋਏ ਕਿਸਾਨਾਂ ਦੀਆਂ ਫਸਲਾਂ ਅਤੇ ਸਥਾਨਕ ਵਾਸੀਆਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ | ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਕੜਿਆਲ ਦੀ ਬੁੱਕਲ ਵਿਚੋਂ ਵਗਦੇ ਸੱਕੀ ਨਾਲੇ ਵਿਚ ਆਏ ਰਾਵੀ ਦਰਿਆ ਦੇ ਪਾਣੀ ਨੇ ਸੱਕੀ ਨਾਲੇ ਦੇ ਬੰਨਾਂ ਤੋਂ ਬਾਹਰ ਨਿਕਲਦਿਆਂ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਵੱਡਾ ਨੁਕਸਾਨ ਕੀਤਾ ਹੈ | 1988 ਵਿਚ ਆਏ ਹੜਾਂ ਦੀ ਮਾਰ ਝੱਲ ਚੁੱਕੇ ਪਿੰਡ ਕੜਿਆਲ ਦੇ ਕਿਸਾਨਾਂ ਦੀ ਹੜਾਂ ਦੀ ਮਾਰ ਹੇਠ ਆਈ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੈਡਮ ਸੋਨੀਆ ਮਾਨ ਹਲਕਾ ਇੰਚਾਰਜ ਰਾਜਾਸਾਂਸੀ ਆਪਣੇ ਵਲੰਟੀਅਰ ਨਾਲ ਪਿੰਡ ਕੜਿਆਲ ਪੁੱਜੇ | ਇਸ ਸਮੇਂ ਉਨ੍ਹਾਂ ਨੇ ਹੜ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਨੁਕਸਾਨੀਆਂ ਫਸਲਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਹੜ੍ਹਾਂ ਕਾਰਨ ਖ਼ਰਾਬ ਹੋਈ ਫਸਲ ਦਾ ਉਚਿਤ ਮੁਆਵਜਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਹਰਮਨਦੀਪ ਸਿੰਘ ਜੱਗਾ ਸ਼ਾਹ, ਕਬੱਡੀ ਖਿਡਾਰੀ ਨਵਪ੍ਰੀਤ ਸਿੰਘ ਨਵ ਕੜਿਆਲ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ, ਮੈਂਬਰ ਪੰਚਾਇਤ ਅਮਨ ਕੰਬੋਜ, ਮੈਂਬਰ ਨਿਸ਼ਾਨ ਸਿੰਘ, ਆਪ ਆਗੂ ਸੁਖਦੀਪ ਸਿੰਘ ਛੀਨਾ ਸਮੇਤ ਹੋਰ ਹਾਜ਼ਰ ਸਨ |