ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੀ.ਪੀ.ਆਈ (ਐਮ) ਦੇ ਵਫ਼ਦ ਵਲੋਂ ਪੋਲਿਟ ਬਿਊਰੋ ਮੈਂਬਰ ਕਾਮਰੇਡ ਅਮਰਾ ਰਾਮ ਅਤੇ ਵੀਜੂ ਕਿ੍ਸ਼ਨਨ ਦੀ ਅਗਵਾਈ 'ਚ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਸਤਨਾਮ ਸਿੰਘ ਵੜੈਚ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਡਾ. ਗੁਰਿੰਦਰ ਸਿੰਘ, ਮੇਜਰ ਸਿੰਘ ਭਿੱਖੀਵਿੰਡ, ਸੂਬਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਮਰਾਣਾ, ਕਾ. ਚਰਨਜੀਤ ਸਿੰਘ ਮਜੀਠਾ, ਡਾ. ਕਵਲਜੀਤ ਕੌਰ ਅਤੇ ਜਨਕ ਰਾਜ ਆਦਿ ਵੀ ਉਨ੍ਹਾਂ ਨਾਲ ਹਾਜ਼ਰ ਸਨ | ਦੌਰੇ ਉਪਰੰਤ ਅਜਨਾਲਾ ਵਿਖੇ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰਾ ਰਾਮ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਕੁਦਰਤ ਕਰੋਪੀ ਕਾਰਨ ਨਹੀਂ ਆਏ ਸਗੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਆਏ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਉੱਨਤ ਤਕਨੀਕ ਹੋਣ ਦੇ ਬਾਵਜੂਦ ਵੀ ਮੌਸਮ ਵਿਭਾਗ ਵਲੋਂ ਭਾਰੀ ਬਾਰਸ਼ ਦੀ ਦਿੱਤੀ ਚੇਤਾਵਨੀ ਦੇ ਬਾਵਜੂਦ ਸਰਕਾਰਾਂ ਨੇ ਜਾਣ ਬੁੱਝ ਕੇ ਪਾਣੀ ਡੈਮਾਂ ਵਿਚ ਡੱਕ ਕੇ ਰੱਖਿਆ | ਪੰਜਾਬ ਸਰਕਾਰ ਨੇ ਵੀ ਆਗਾਊਾ ਹੜ੍ਹ ਰੋਕੂ ਪ੍ਰਬੰਧ ਜਿਨ੍ਹਾਂ ਵਿਚ ਬੰਨ੍ਹਾਂ ਨੂੰ ਪੱਕੇ ਕਰਨਾ ਅਤੇ ਨਹਿਰਾਂ ਨਾਲਿਆਂ ਦੀ ਸਫ਼ਾਈ ਵੱਲ ਯੋਗ ਧਿਆਨ ਨਹੀਂ ਦਿੱਤਾ, ਜਿਸ ਦੇ ਸਿੱਟੇ ਵਜੋਂ ਡੈਮਾਂ ਤੋਂ ਅਚਾਨਕ ਭਾਰੀ ਮਾਤਰਾ ਵਿਚ ਛੱਡੇ ਗਏ ਪਾਣੀ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ | ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਦੌਰਾਨ ਬਚਾਓ ਅਤੇ ਰਾਹਤ ਕਾਰਜਾਂ ਵਿਚ ਵੀ ਸਰਕਾਰਾਂ ਦੀ ਕਾਰਜਗੁਜਾਰੀ ਤਸੱਲੀਬਖ਼ਸ਼ ਨਹੀਂ ਰਹੀ | ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਸ ਸਮੇਂ ਪੰਜਾਬ ਦਾ ਦੌਰਾ ਕੀਤਾ ਜਦੋਂ ਹਾਲਾਤਾਂ 'ਤੇ ਕਾਬੂ ਪਾ ਲਿਆ ਗਿਆ ਸੀ ਅਤੇ ਉਨ੍ਹਾਂ ਵਲੋਂ ਜੋ ਪੰਜਾਬ ਨੂੰ ਰਾਹਤ ਪੈਕੇਜ 1600 ਕਰੋੜ ਦਾ ਦਿੱਤਾ ਗਿਆ ਹੈ ਉਹ ਹਾਲਾਤਾਂ ਦੇ ਅਨੁਸਾਰ ਬਹੁਤ ਘੱਟ ਹੈ | ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਤ੍ਰਾਸਦੀ ਤੋਂ ਉੱਭਰਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਚਲਾ ਕੇ ਪੰਜਾਬ ਤੋਂ ਬਾਹਰ ਕੱਢਣ ਨੂੰ ਮੰਦਭਾਗਾ ਦੱਸਿਆ ਅਤੇ ਆਪਸੀ ਭਾਈਚਾਰਾ ਅਤੇ ਸਹਿਯੋਗ ਕਾਇਮ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਵਿਚ ਅਫ਼ਸਰਸ਼ਾਹੀ ਵਲੋਂ ਮੁਲਾਜ਼ਮਾਂ ਖ਼ਿਲਾਫ਼ ਦਬਾਅ ਬਣਾਉਣ ਦੀ ਨੀਤੀ ਨੂੰ ਗਲਤ ਕਿਹਾ ਅਤੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ | ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਜਸਬੀਰ ਸਿੰਘ ਝਬਾਲ, ਤਰਸੇਮ ਟਪਿਆਲਾ, ਗੁਰਦੀਪ ਸਿੰਘ ਬੁਤਾਲਾ, ਗੁਰਨਾਮ ਤਲਵੰਡੀ, ਸਵਿੰਦਰ ਸਿੰਘ ਮੀਰਾਂਕੋਟ, ਨਰਿੰਦਰਪਾਲ ਚਮਿਆਰੀ, ਨਰਿੰਦਰ ਧੰਜਲ, ਕਿਰਪਾ ਰਾਮ, ਸਰੋਜ ਬਾਲਾ, ਰਘਬੀਰ ਕੌਰ ਐਡਵੋਕੇਟ ਕਵਲਜੀਤ ਕੌਰ ਆਦਿ ਹਾਜ਼ਰ ਸਨ |