ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਾਂਗ ਸਰਹੱਦੀ ਖੇਤਰ ਵਿਚ ਪਈ ਸੰਘਣੀ ਧੁੰਦ ਦੌਰਾਨ ਦਿਨ ਚੜਦਿਆਂ ਹੀ ਸਿਵਲ ਹਸਪਤਾਲ ਚੌਂਕ ਵਿਚ ਇੱਕ ਨਿੱਜੀ ਸਕੂਲ ਦੀ ਤੇਜ਼ ਰਫਤਾਰ ਬੱਸ ਵਲੋਂ ਇੱਕ ਆਲਟੋ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜਦਕਿ ਬੱਸ ਵਿਚ ਬੈਠੇ ਸਕੂਲੀ ਵਿਦਿਆਰਥੀਆਂ ਦਾ ਵੀ ਵਾਲ ਵਾਲ ਬਚਾਅ ਹੋਇਆ | ਕਾਰ ਚਾਲਕ ਜਰਨੈਲ ਸਿੰਘ ਵਾਸੀ ਪਿੰਡ ਦਿਆਲਪੁਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਜ਼ਿਆਦਾ ਧੁੰਦ ਪੈਣ ਕਾਰਨ ਆਪਣੇ ਬੱਚਿਆਂ ਨੂੰ ਕਾਰ ਤੇ ਅਜਨਾਲਾ ਛੱਡਣ ਲਈ ਆਇਆ ਸੀ ਤੇ ਜਦੋਂ ਬੱਚਿਆਂ ਨੂੰ ਸਕੂਲ ਬੱਸ ਵਿਚ ਚੜਾ ਕੇ ਵਾਪਸ ਸਿਵਲ ਹਸਪਤਾਲ ਚੌਂਕ ਵਿਚ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਇੱਕ ਨਿੱਜੀ ਸਕੂਲ ਦੀ ਬੱਸ ਜਿਸ ਵਿਚ ਸਕੂਲ ਦੇ ਬੱਚੇ ਸਵਾਰ ਸਨ, ਦੇ ਚਾਲਕ ਵਲੋਂ ਮੇਰੀ ਕਾਰ ਵਿਚ ਗੱਡੀ ਮਾਰ ਦਿੱਤੀ, ਜਿਸ ਕਾਰਨ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਮੇਰਾ ਵਾਲ ਵਾਲ ਬਚਾਅ ਹੋਇਆ | ਜਰਨੈਲ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਸਕੂਲ ਬੱਸ ਦੇ ਚਾਲਕ ਨੂੰ ਤੇਜ਼ ਰਫਤਾਰ ਵਿਚ ਆਉਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਲੇਟ ਹੋ ਗਿਆ ਸੀ ਇਸ ਲਈ ਗੱਡੀ ਤੇਜ਼ ਚਲਾ ਰਿਹਾ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਚਾਲਕ ਦੇ ਕੋਲੋਂ ਸ਼ਰਾਬ ਦੀ ਬਹੁਤ ਬਦਬੂ ਆ ਰਹੀ ਸੀ ਤੇ ਚਾਲਕ ਨੇ ਖੁਦ ਵੀ ਦੱਸਿਆ ਸੀ ਕਿ ਉਸ ਨੇ ਰਾਤ ਸਮੇਂ ਸ਼ਰਾਬ ਪੀਤੀ ਸੀ | ਉਨ੍ਹਾਂ ਮੰਗ ਕੀਤੀ ਕਿ ਅਜਿਹੇ ਚਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਕੂਲ ਪ੍ਰਬੰਧਕ ਵੀ ਸ਼ਰਾਬ ਪੀਣ ਵਾਲੇ ਅਜਿਹੇ ਡਰਾਈਵਰਾਂ ਨੂੰ ਗੱਡੀਆਂ ਚਲਾਉਣ ਲਈ ਨਾ ਦੇਣ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਧੁੰਦ ਦੇ ਕਹਿਰ ਨੂੰ ਦੇਖਦੇ ਹੋਏ ਤੁਰੰਤ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਜਾਣ | ਉਧਰ ਇਹ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਵਲੋਂ ਸਕੂਲ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ |