ਚੌਕ ਮਹਿਤਾ, 24 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਅੱਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਦੀ 21ਵੀਂ ਬਰਸੀ ਮਨਾਈ ਗਈ | ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਅਤੇ ਬਾਅਦ ਵਿਚ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ੍ਰੀ ਮੁਖਵਾਕ ਦੀ ਕਥਾ ਸੰਗਤ ਨੂੰ ਸਰਵਣ ਕਰਵਾਈ | ਉਨ੍ਹਾਂ ਨੇ ਸੰਤ ਬਾਬਾ ਠਾਕੁਰ ਸਿੰਘ ਦੇ ਭਗਤੀ ਭਰਪੂਰ ਜੀਵਨ, ਨਿਮਰਤਾ ਅਤੇ ਸੇਵਾ ਭਾਵਨਾ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਬੜੇ ਔਝੜੇ ਸਮੇਂ ਵਿਚ ਬਾਬਾ ਠਾਕੁਰ ਸਿੰਘ ਜੀ ਨੇ ਯੋਗ ਰਹਿਨੁਮਾਈ ਦੇ ਕੇ ਕੌਮ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰੀ ਸੰਜੀਦਗੀ ਨਾਲ ਨਿਭਾਇਆ | ਇਸ ਮੌਕੇ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀ ਅਤੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ ਨੇ ਬਾਬਾ ਠਾਕੁਰ ਸਿੰਘ ਨਾਲ ਬਿਤਾਏ ਸਮੇਂ ਅਤੇ ਉਨ੍ਹਾਂ ਵਲੋਂ ਕੌਮ ਵਾਸਤੇ ਘਾਲੀਆਂ ਗਈਆਂ ਘਾਲਣਾਵਾਂ ਦਾ ਵਿਸਥਾਰ ਸਹਿਤ ਵਰਣਨ ਕੀਤਾ | ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਭਾਈ ਗੁਰਲਾਲ ਸਿੰਘ ਤੇ ਉਨ੍ਹਾਂ ਦੇ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸ੍ਰੀ ਮੁਖਵਾਕ ਦੇ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਨੇ ਅਤੇ ਮੰਚ ਸੰਚਾਲਨ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਵੈਦ ਨੇ ਨਿਭਾਈ | ਇਸ ਮੌਕੇ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ, ਸਿੰਘ ਸਾਹਿਬ ਗਿਆਨੀ ਪ੍ਰੇਮ ਸਿੰਘ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਭਾਈ ਮੋਹਕਮ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਜਥੇਦਾਰ ਅਜੀਤ ਸਿੰਘ ਤਰਨਾ ਦਲ ਮਹਿਤਾ, ਬਾਬਾ ਦਰਸ਼ਨ ਸਿੰਘ ਘੋੜੇ ਵਾਹ, ਬਾਬਾ ਸਤਨਾਮ ਸਿੰਘ ਜਫਰਵਾਲ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਬਾਬਾ ਸੂਬਾ ਸਿੰਘ ਕੋਹਾੜਕਾ, ਮਾਸਟਰ ਜਸਵੰਤ ਸਿੰਘ, ਬਾਬਾ ਤਰਲੋਕ ਸਿੰਘ ਖਿਆਲਾ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਚੇਅਰਮੈਨ ਇਕਬਾਲ ਸਿੰਘ ਸ਼ਾਹ, ਸੁਖਪ੍ਰੀਤ ਸਿੰਘ ਯੂ.ਕੇ., ਭਾਈ ਕੁਲਦੀਪ ਸਿੰਘ ਗੰਗਾ ਨਗਰ, ਗਿਆਨੀ ਮੋਹਕਮ ਸਿੰਘ ਚੌਧਰੀਵਾਲ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਡਾਕਟਰ ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ),ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰਸੀਪਲ ਜਤਿੰਦਰ ਸ਼ਰਮਾ, ਭੁਪਿੰਦਰ ਸਿੰਘ ਕਾਹਲਵਾਂ,ਅਵਤਾਰ ਸਿੰਘ ਅਲਗੋ ਕੋਠੀ, ਹਰਦੀਪ ਸਿੰਘ ਗਿੱਲ ਜ਼ਿਲਾ ਪ੍ਰਧਾਨ, ਡਾਇਰੈਕਟਰ ਗੁਰਮੁਖ ਸਿੰਘ ਸਾਹਬਾ, ਡਾਕਟਰ ਹਰਜਿੰਦਰ ਸਿੰਘ ਬਮਰਾਹ, ਕੈਪਟਨ ਸਤਨਾਮ ਸਿੰਘ ਬਾਠ, ਗਿਆਨੀ ਸਾਹਿਬ ਸਿੰਘ, ਰਜਿੰਦਰ ਸਿੰਘ ਸ਼ਾਹ, ਅਮਰਪਾਲ ਸਿੰਘ ਅਤੇ ਹੋਰ ਬੇਅੰਤ ਸੰਗਤਾਂ ਮੌਜੂਦ ਸਨ |