ਰਈਆ, 25 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸਿਮਰਨਜੀਤ ਸਿੰਘ ਮਾਨ ਸਾ: ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਅੰਮਿ੍ਤਸਰ ਤੋਂ 'ਆਪ' ਦੇ ਵਿਧਾਇਕ ਕੁੰਵਰ ਵਿਜੈਪ੍ਰਤਾਪ ਸਿੰਘ ਦੋਵੇਂ ਪੰਜਾਬ ਦੇ ਕੱਦਾਵਰ ਅਤੇ ਬੇ-ਦਾਗ ਆਗੂ ਹਨ ਜਿਨ੍ਹਾਂ ਨੇ ਕਦੀ ਕਿਸੇ ਦੀਆਂ ਝੂਠੀਆਂ ਤਾਰੀਫਾਂ ਨਹੀਂ ਕੀਤੀਆਂ ਅਤੇ ਹਮੇਸ਼ਾਂ ਸੱਚੀ ਗੱਲ ਕੀਤੀ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਸਰਕਲ ਪ੍ਰਧਾਨ ਬਿਕਰਮਜੀਤ ਸਿੰਘ ਚੀਮਾਬਾਠ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਅਤੇ ਆਪਣੇ-2 ਧਰਮ ਵਿਚ ਪੱਕੇ ਹਨ | ਇਸੇ ਕਰਕੇ ਹੀ ਲੋਕ ਸਭਾ ਹਲਕਾ ਸੰਗਰੂਰ ਦੇ ਸੂਝਵਾਨ ਵੋਟਰਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਲੀਡ ਨਾਲ ਵੋਟਾਂ ਪਾਈਆਂ ਸਨ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਅਤੇ ਕੁੰਵਰ ਵਿਜੈ ਨੂੰ ਕੈਬਨਿਟ ਮੰਤਰੀ ਬਣਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਮਾਨ ਸਾਹਿਬ ਨੇ ਆਪਣੇ ਅਸਰ ਰਸੂਖ ਨਾਲ ਕਰੀਬ ਸਾਢੇ ਪੰਜ ਹਜ਼ਾਰ ਬੱਚਿਆਂ ਨੂੰ ਅਮਰੀਕਾ ਵਿੱਚ ਪੱਕੇ ਹੋਣ ਲਈ ਸਹਿਯੋਗ ਦਿੱਤਾ, ਜਿਨ੍ਹਾਂ ਵਿਚ ਹਿੰਦੂ ਅਤੇ ਮੁਸਲਮਾਨ ਭਰਾਵਾਂ ਦੇ ਬੱਚੇ ਵੀ ਸ਼ਾਮਿਲ ਹਨ | ਇਸ ਮੌਕੇ ਉਨ੍ਹਾਂ ਨਾਲ ਦਿਲਬਾਗ ਸਿੰਘ ਬਾਠ, ਲਖਬੀਰ ਸਿੰਘ ਬਾਠ ਅਤੇ ਸੋਨੀ ਫੌਜੀ ਆਦਿ ਆਗੂ ਹਾਜ਼ਰ ਸਨ |
ਸਿਮਰਨਜੀਤ ਸਿੰਘ ਮਾਨ ਤੇ ਵਿਧਾਇਕ ਕੁੰਵਰ ਵਿਜੈਪ੍ਰਤਾਪ ਪੰਜਾਬ ਦੇ ਕੱਦਾਵਾਰ ਆਗੂ- ਬਿਕਰਮ ਸਿੰਘ ਚੀਮਾਬਾਠ
ਅਜੀਤ ਡੈਸਕ
29-12-2025