ਪਟਿਆਲਾ, 31 ਮਈ (ਮਨਦੀਪ ਸਿੰਘ ਖਰੌੜ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਰਤਨ ਨਗਰ ਵਿਚੋਂ 14 ਪੇਟੀਆਂ ਚੰਡੀਗੜ੍ਹ ਦੀ ਦੇਸੀ ਸੌਂਫੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਜਿਸ ਆਧਾਰ ਉਤੇ ਪੁਲਿਸ ਨੇ ਕਰਨ ਕੁਮਾਰ ਅਤੇ ਲਛਮਣ ਸਿੰਘ ਵਾਸੀਆਨ ਜ਼ਿਲ੍ਹਾ ਪਟਿਆਲਾ ਤਹਿਤ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਡੀ.ਐਸ.ਪੀ. ਸਿਟੀ-2 ਮਨੋਜ ਗੋਰਸੀ ਨੇ ਦੱਸਿਆ ਕਿ ਥਾਣਾ ਤਿ੍ਪੜੀ ਦੇ ਮੁਖੀ ਇੰਸ. ਸੁਖਵਿੰਦਰ ਸਿੰਘ ਗਿੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਤਨ ਨਗਰ ਇਲਾਕੇ ਵਿਚ ਚੰਡੀਗੜ੍ਹ ਦੀ ਸ਼ਰਾਬ ਪਈ ਹੋਈ ਹੈ | ਜਿਸ ਤਹਿਤ ਉਨ੍ਹਾਂ ਪੁਲਿਸ ਪਾਰਟੀ ਸਮੇਤ ਉਕਤ ਸਥਾਨ ਉਤੇ ਛਾਪੇਮਾਰੀ ਕੀਤੀ ਤਾਂ ਮੁਲਾਜਮਾਂ ਤੋਂ 14 ਪੇਟੀਆਂ ਦੇਸੀ ਸੌਂਫੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ | ਇਸ ਸੰਬੰਧੀ ਐਸ.ਐਚ.ਓ.ਤਿ੍ਪੜੀ ਗਿੱਲ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਮੁਲਜ਼ਮ ਇਹ ਸ਼ਰਾਬ ਕਿਥੋਂ ਲੈ ਕੇ ਆਇਆ ਸੀ ਅਤੇ ਇਸ ਨੂੰ ਅੱਗੇ ਕਿਸੇ ਹੋਰ ਨੂੰ ਵੇਚਣਾ ਸੀ ਜਾਂ ਆਪ ਵਰਤਣਾ ਸੀ ਜੇਕਰ ਜਾਂਚ ਦੌਰਾਨ ਇਸ ਕੇਸ ਵਿਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ਲਿਆਂਦੀ ਜਾਵੇਗੀ |