ਪਟਿਆਲਾ, 2 ਜੂਨ (ਮਨਦੀਪ ਸਿੰਘ ਖਰੌੜ)-ਦੇਸ਼ ਦੇ ਕਈ ਰਾਜਾਂ 'ਚ ਕੋਰੋਨਾ ਦੇ ਕੇਸਾਂ 'ਚ ਇਕਦਮ ਵਾਧਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ 'ਚ ਵੀ ਕੋਰੋਨਾ ਫੈਲਣ ਦਾ ਡਰ ਲੋਕਾਂ 'ਚ ਫੈਲਦਾ ਜਾ ਰਿਹਾ ਹੈ ਪਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕੋਵਿਡ ਤੋਂ ਸਾਵਧਾਨ ਰਹੋ ਪਰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ | ਇਸ ਸੰਬੰਧੀ ਪੰਜਾਬ ਦੇ ਕੋਰੋਨਾ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ 'ਅਜੀਤ' ਨੂੰ ਦੱਸਿਆ ਕਿ ਕੋਰੋਨਾ ਦੇ ਨਿਯਮਾਂ ਦੀ ਸੂਬਾ ਵਾਸੀਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਤੋਂ ਬਚਿਆ ਜਾ ਸਕੇ | ਹਾਲੇ ਤੱਕ ਪੰਜਾਬ ਦੇ ਵਿਚ ਕੋਰੋਨਾ ਤੋਂ ਕੋਈ ਖ਼ਤਰਾ ਨਹੀਂ ਹੈ ਸਿਰਫ਼ 6 ਮਰੀਜ਼ ਹੀ ਅਜੇ ਸਾਹਮਣੇ ਆਏ ਹਨ | ਜੇਕਰ ਇਸ ਤੋਂ ਇਲਾਵਾ ਸੂਬੇ ਭਰ 'ਚ ਕੋਰੋਨਾ ਤੋਂ ਬਚਾਅ ਸੰਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ, ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ | ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਜੇ. ਐਨ.-1 ਕਈ ਦੇਸ਼ਾਂ 'ਚ ਸ਼ੁਰੂਆਤੀ ਮਰੀਜ਼ ਪਾਏ ਜਾ ਰਹੇ ਹਨ ਤੇ ਉਨ੍ਹਾਂ ਲੋਕਾਂ 'ਚ ਕੋਰੋਨਾ ਦੇ ਸਸਤੇ ਲੱਛਣ ਹੀ ਸਾਹਮਣੇ ਆਏ ਹਨ | ਅਜਿਹਾ ਵੀ ਪਤਾ ਲੱਗਾ ਹੈ ਕਿ ਕੋਰੋਨਾ ਤੋਂ ਪੀੜਤ ਵਿਅਕਤੀਆਂ 'ਚ ਕੋਈ ਵੀ ਲੱਛਣ ਦੇਖਣ ਨੂੰ ਨਹੀਂ ਮਿਲਿਆ | ਅਜਿਹੇ ਲੋਕਾਂ ਦੀ ਗਿਣਤੀ 70 ਤੋਂ 80 ਫ਼ੀਸਦੀ ਦੱਸੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਕੋਰੋਨਾ ਵਾਈਰਸ ਦੇ ਲੱਛਣ ਬੁਖ਼ਾਰ, ਗਲੇ 'ਚ ਜਕੜਣ ਜਾਂ ਦਰਦ, ਖੰਘ, ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ, ਸਵਾਦ ਅਤੇ ਸੁੰਘਣ ਸ਼ਕਤੀ 'ਚ ਕਮੀ ਆਉਣਾ, ਕੁਝ ਲੱਛਣ ਸਿਰਦਰਦ ਅਤੇ ਲਾਲ ਅੱਖਾਂ ਦਾ ਆਦਿ ਵੀ ਹੋ ਸਕਦੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਬੋਲਣ ਜਾਂ ਹਿੱਲਣ 'ਚ ਪ੍ਰੇਸ਼ਾਨੀ ਆ ਰਹੀ ਹੈ ਤਾਂ ਤੁਰੰਤ ਉਹ ਨੇੜਲੇ ਹਸਪਤਾਲ 'ਚ ਜਾਣ ਕਿਉਂਕਿ ਇਹ ਕੋਰੋਨਾ ਦੇ ਗੰਭੀਰ ਲੱਛਣ ਹੋ ਸਕਦੇ ਹਨ | ਇਸ ਸੰਬੰਧੀ ਜ਼ਿਲ੍ਹਾ ਮਹਾਂਮਾਰੀ ਰੋਕੋ ਅਫ਼ਸਰ ਡਾ. ਸੁਮੀਤ ਸਿੰਘ ਨੇ ਦਸਿਆ ਕਿ ਕੋਰੋਨਾ ਦਾ ਨਵਾਂ ਰੂਪ ਜਿਹੜੇ ਵਿਅਕਤੀਆਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਉਨ੍ਹਾਂ 'ਤੇ ਵਾਰ ਕਰਦਾ ਹੈ | ਇਹ ਸਾਹ ਦੀ ਨਾਲੀ ਰਾਹੀਂ ਫੇਫੜਿਆਂ 'ਚ ਫੈਲ ਜਾਂਦਾ ਹੈ, ਇਹ ਫੇਫੜਿਆਂ ਦੀ ਲਾਗ ਨਮੂਨੀਆ ਦਾ ਕਾਰਨ ਬਣ ਸਕਦੀ ਹੈ, ਖ਼ਾਸ ਕਰ ਕੇ ਬਜ਼ੁਰਗ ਲੋਕ, ਸਾਹ ਦੀਆਂ ਬਿਮਾਰੀਆਂ ਤੋਂ ਪੀੜਤ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੇ ਮਰੀਜ਼ ਖ਼ਾਸ ਕਰ ਕੇ ਕੋਵਿਡ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ |