ਸਨੌਰ, 2 ਜੂਨ (ਮੋਹਣ ਸਿੰਘ ਭੱਟੀ)-ਸਨੌਰ-ਘਨੌਰ ਰੋਡ 'ਤੇ ਇਕ ਹੋਰ ਘਟਨਾ ਜਿੱਥੇ ਬੇਪਰਵਾਹੀ ਨਾਲ ਮੋਟਰਸਾਈਕਲ ਚਲਾਉਣ ਕਾਰਨ ਇਕ ਨਿਰਦੋਸ਼ ਵਿਅਕਤੀ ਦੀ ਜਾਨ ਚਲੀ ਗਈ | ਇਹ ਮਾਮਲਾ 31 ਮਈ ਨੂੰ ਦੁਪਹਿਰ 1.15 ਵਜੇ ਵਾਪਰਿਆ, ਜਦੋਂ ਨਾਭਾ ਰੋਡ ਪਟਿਆਲਾ ਦੇ ਨਿਵਾਸੀ ਨਿਰਮਲ ਕੁਮਾਰ ਆਈ. ਟੀ. ਬੀ. ਪੀ ਚੌਂਕ, ਘਨੌਰ ਤੋਂ ਪਿੰਡ ਅਸਰਪੁਰ ਨੇੜੇ ਵਾਹਨ ਦੀ ਉਡੀਕ ਕਰ ਰਹੇ ਸਨ | ਇਸ ਦੌਰਾਨ ਐੱਚ. ਆਰ.-04ਏਐਲ-2472 ਨੰਬਰ ਦੀ ਮੋਟਰਸਾਈਕਲ 'ਤੇ ਆ ਰਹੇ ਇਕ ਨਾ-ਮਾਲੂਮ ਵਿਅਕਤੀ ਨੇ ਆਪਣਾ ਵਾਹਨ ਤੇਜ਼ੀ ਅਤੇ ਲਾਪਰਵਾਹੀ ਨਾਲ ਲਿਆ ਕੇ ਨਿਰਮਲ ਕੁਮਾਰ ਨੂੰ ਜ਼ੋਰਦਾਰ ਟੱਕਰ ਮਾਰੀ | ਟੱਕਰ ਇੰਨੀ ਭਿਆਨਕ ਸੀ ਕਿ ਮੌਕੇ 'ਤੇ ਹੀ ਨਿਰਮਲ ਕੁਮਾਰ ਗੰਭੀਰ ਜ਼ਖਮੀ ਹੋ ਗਏ, ਨੂੰ ਤੁਰੰਤ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਮਿ੍ਤਕ ਦੇ ਪੁੱਤਰ ਸੁਰੇਸ਼ ਕੁਮਾਰ ਵਲੋਂ ਸਨੌਰ ਥਾਣੇ ਵਿਚ ਦਿੱਤੀ ਗਈ ਲਿਖਤੀ ਸ਼ਿਕਾਇਤ ਅਧੀਨ, ਪੁਲਿਸ ਵਲੋਂ ਮੋਟਰਸਾਈਕਲ ਸਵਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣ) ਅਤੇ 106 (ਮੌਤ ਕਰਕੇ ਭੱਜਣ) ਅਧੀਨ ਐਫ.ਆਈ.ਆਰ. ਨੰਬਰ 54 ਦਰਜ ਕਰ ਲਈ ਗਈ ਹੈ | ਦੋਸ਼ੀ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ | ਪੁਲਿਸ ਨੇ ਆਸ-ਪਾਸ ਦੇ ਇਲਾਕੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ |