ਦੇਵੀਗੜ੍ਹ, 2 ਜੂਨ (ਰਾਜਿੰਦਰ ਸਿੰਘ ਮੌਜੀ)-ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਸਖ਼ਤ ਮੁਹਿੰਮ ਅਧੀਨ ਥਾਣਾ ਜ਼ੁਲਕਾਂ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਚੋਰਾਂ ਨੂੰ ਤਿੰਨ ਚੋਰੀ ਸ਼ੁਦਾ ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਹ ਕਾਰਵਾਈ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ 'ਚ ਗ਼ੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਕੀਤੀ ਗਈ | ਉਪ ਕਪਤਾਨ ਪੁਲਿਸ ਗੁਰਪ੍ਰਤਾਪ ਸਿੰਘ ਅਤੇ ਥਾਣਾ ਜ਼ੁਲਕਾਂ ਦੇ ਮੁੱਖੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਜਸਵੀਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਨਾਲ ਘੱਗਰ ਪੁਲ ਦੇ ਨਜ਼ਦੀਕ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ | ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਤਿੰਨ ਵਿਅਕਤੀ ਬੰਟੀ ਰਾਮ ਪੁੱਤਰ ਕਿ੍ਸ਼ਨ ਕੁਮਾਰ ਪਿੰਡ ਘਨੌਰੀ ਖੇੜਾ, ਸੋਨੀ ਪੁੱਤਰ ਜਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਪੁੱਤਰ ਰਾਮਫੂਲ ਪਿੰਡ ਗੁਥਮਡਾ ਜੋ ਕਿ ਚੋਰੀ ਦੀਆਂ ਵਾਰਦਾਤਾਂ ਦੇ ਆਦੀ ਹਨ ਅਤੇ ਹਾਲ ਹੀ ਵਿਚ 29 ਮਈ ਨੂੰ ਰਾਮਨਗਰ ਚੁੰਨੀਵਾਲਾ ਇਲਾਕੇ ਤੋਂ ਚੋਰੀ ਕੀਤਾ ਮੋਟਰਸਾਈਕਲ ਲੈ ਕੇ ਆ ਰਹੇ ਹਨ | ਚੈਕਿੰਗ ਦੌਰਾਨ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਮੋਟਰਸਾਈਕਲਾਂ ਸਮੇਤ ਰੋਕ ਕੇ ਗਿ੍ਫ਼ਤਾਰ ਕੀਤਾ | ਪੁੱਛਗਿੱਛ ਦੌਰਾਨ ਉਨ੍ਹਾਂ ਕਬੂਲਿਆ ਕਿ ਉਹ ਪਿਛਲੇ ਸਮੇਂ ਦੌਰਾਨ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ 'ਚੋਂ ਪੰਜ ਮੋਟਰਸਾਈਕਲ ਚੋਰੀ ਕਰ ਚੁੱਕੇ ਹਨ | ਉਨ੍ਹਾਂ ਕੋਲੋਂ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਬਿਨਾਂ ਨੰਬਰ ਪਲੇਟਾਂ ਦੇ ਬਰਾਮਦ ਕੀਤੇ ਗਏ ਹਨ | ਬਾਕੀ ਦੋ ਵਾਹਨਾਂ ਦੀ ਭਾਲ ਲਈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਗਿ੍ਫ਼ਤਾਰੀ ਦੀ ਪ੍ਰਕਿਰਿਆ ਜਾਰੀ ਹੈ | ਇਸ ਸੰਬੰਧੀ ਥਾਣਾ ਜ਼ੁਲਕਾਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |