ਸਮਾਣਾ, 4 ਜੂਨ (ਗੁਰਦੀਪ ਸ਼ਰਮਾ, ਸਾਹਿਬ ਸਿੰਘ)-ਹਲਕਾ ਸਮਾਣਾ ਦੇ ਚਾਰ ਪਿੰਡ ਲਲੌਛੀ, ਫਤਹਿ ਮਾਜਰੀ, ਅਚਰਾਲ ਕਲਾਂ ਤੇ ਅਚਰਾਲ ਖ਼ੁਰਦ ਦੇ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਲਈ ਕਰੀਬ 50 ਸਾਲਾਂ ਬਾਅਦ ਨਹਿਰੀ ਪਾਣੀ ਦੀ ਸਪਲਾਈ ਨਸੀਬ ਹੋਈ | ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਕਰੀਬ 1.27 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1100 ਏਕੜ ਰਕਬੇ ਦੀ ਸਿੰਚਾਈ ਲਈ ਸੂਏ ਦੇ ਖਾਲ਼ੇ ਪੱਕੇ ਕੀਤੇ ਗਏ ਹਨ, ਜਿਸ ਦਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡਾ ਲਾਭ ਮਿਲੇਗਾ | ਇਸ ਮੌਕੇ 592 ਏਕੜ ਰਕਬੇ ਸਿੰਚਾਈ ਵਾਲਾ ਪਾਣੀ ਦੇਣ ਲਈ ਮਾਈਨਰ ਨੰਬਰ 2 ਨਵਾਡਾ ਰਜਵਾਹਾ ਵਿਚੋਂ ਆਰ.ਡੀ. 13714 ਖੱਬਾ ਪਾਸਾ, 9860 ਫੁੱਟ ਸੂਏ ਨੂੰ 74 ਲੱਖ ਦੀ ਲਾਗਤ ਨਾਲ ਪੱਕਾ ਕਰਨ ਅਤੇ 410 ਏਕੜ ਰਕਬੇ ਨੂੰ ਪਾਣੀ ਦੇਣ ਲਈ ਆਰ.ਡੀ. 13714 ਸੱਜਾ ਪਾਸਾ, 7274 ਫੁੱਟ ਸੂਏ ਨੂੰ 55 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਕਰਨ ਦਾ ਉਦਘਾਟਨ ਕਰਦਿਆਂ ਵਿਧਾਇਕ ਜੌੜਾ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਪਹਿਲਕਦਮੀ ਕੀਤੀ ਹੈ | ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਰਕੇ ਸੂਏ ਦੇ ਖਾਲ਼ੇ ਨਜਾਇਜ਼ ਕਬਜ਼ਿਆਂ ਹੇਠ ਆ ਗਏ ਸਨ ਅਤੇ ਪੰਜਾਬ ਦਾ ਨਹਿਰੀ ਪਾਣੀ ਸਿੰਚਾਈ ਬਹੁਤ ਘੱਟ ਵਰਤਿਆਂ ਜਾਣ ਲੱਗਿਆ, ਜਿਸ ਦਾ ਲਾਭ ਮਿਲੀਭੁਗਤ ਕਰਕੇ ਹਰਿਆਣਾ ਅਤੇ ਹੋਰ ਰਾਜਾਂ ਨੂੰ ਹੁੰਦਾ ਰਿਹਾ | ਜਦ ਕਿ ਪੰਜਾਬ ਦੇ ਕਿਸਾਨ ਆਪਣੀ ਧਰਤੀ ਹੇਠਲਾ ਪਾਣੀ ਮੁਕਾਉਣ ਕਿਨਾਰੇ ਪੁੱਜ ਗਏ ਸਨ | ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਆਪਣੇ ਹਿੱਸੇ ਦਾ ਕਰੀਬ 80 ਫ਼ੀਸਦੀ ਨਹਿਰੀ ਪਾਣੀ ਵਰਤਣ ਲੱਗਿਆ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਮੋਟਰ ਨਾ ਚੱਲਣ ਕਾਰਨ ਬਿਜਲੀ ਦੀ ਵੀ ਬੱਚਤ ਹੋਣ ਲੱਗੀ ਹੈ | ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਰਪੰਚ ਅਮਰੀਕ ਸਿੰਘ, ਜੱਸ ਸਿੰਘ, ਵਿਕਰਮ ਸਿੰਘ ਲਲੌਛੀ, ਗੁਰਵਿੰਦਰ ਸਿੰਘ ਲਲੌਛੀ, ਕਰਨੈਲ ਸਿੰਘ ਲਲੌਛੀ, ਨਿਰਭੈ ਸਿੰਘ ਫਤਹਿਮਾਜਰੀ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ ਗੱਜੂਮਾਜਰਾ ਅਤੇ ਨਹਿਰੀ ਵਿਭਾਗ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ, ਜੇ.ਈ. ਮੋਹਿਤ ਬਾਂਸਲ, ਨਹਿਰੀ ਪਟਵਾਰੀ ਮਨਦੀਪ ਸਿੰਘ, ਹਰਪ੍ਰੀਤ ਸਿੰਘ ਤੇ ਜਗਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ |