ਨਾਭਾ, 3 ਸਤੰਬਰ (ਜਗਨਾਰ ਸਿੰਘ ਦੁਲੱਦੀ)-ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਉਸ ਸਮੇਂ ਸਥਿਤੀ ਦਿਲਚਸਪ ਹੋ ਗਈ ਜਦੋਂ ਬੀ.ਡੀ.ਪੀ.ਓ. ਨਾਭਾ ਵਲੋਂ ਚੋਣਵੇਂ ਪੰਚਾਇਤ ਸਕੱਤਰਾਂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋਣ ਦੀ ਸੂਰਤ 'ਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਹਾਜ਼ਰੀ ਮੀਟਿੰਗ ਸੱਦ ਕੇ ਉਨ੍ਹਾਂ ਦੀ ਕਲਾਸ ਲਗਾਈ ਗਈ | ਬੀਡੀਪੀਓ ਨਾਭਾ ਬੀਬੀ ਬਲਜੀਤ ਕੌਰ ਖ਼ਾਲਸਾ ਨੇ ਹਲਕਾ ਵਿਧਾਇਕ ਦੇ ਸਾਹਮਣੇ ਪੰਚਾਇਤ ਸਕੱਤਰਾਂ ਦੇ ਉਨ੍ਹਾਂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋਣ ਦੀ ਸੂਰਤ ਵਿਚ ਸਥਿਤੀ ਨੂੰ ਸਪਸ਼ਟ ਕਰਦਿਆਂ ਕਿਹਾ ਕਿ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਵਲੋਂ ਵੱਖ-ਵੱਖ ਸਕੀਮਾਂ ਅਧੀਨ ਭੇਜੀ ਕਰੋੜਾਂ ਰੁਪਏ ਦੀ ਗਰਾਂਟ (ਜਿਨ੍ਹਾਂ ਨੂੰ ਤਿੰਨ ਮਹੀਨੇ ਅੰਦਰ ਵਰਤੋਂ ਕਰਕੇ ਰਿਕਾਰਡ ਦੀ ਡਿਟੇਲ ਭੇਜਣੀ ਹੁੰਦੀ ਹੈ) ਵਿਚੋਂ ਕਈ ਕਰੋੜਾਂ ਦੀ ਗਰਾਂਟ ਦੀ ਵਰਤੋਂ ਸੰਬੰਧੀ ਪਿਛਲੇ ਲੰਮੇ ਸਮੇਂ ਤੋਂ ਕੋਈ ਵਰਤੋ ਰਿਕਾਰਡ ਪੇਸ਼ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਅਧੀਨ ਹਲਕਾ ਨਾਭਾ ਵਿਖੇ ਵੱਖ-ਵੱਖ ਸਕੀਮਾਂ ਲਈ ਭੇਜੀ 44 ਕਰੋੜ ਦੀ ਗਰਾਂਟ ਵਿਚੋਂ 36 ਕਰੋੜ ਦੀ ਗਰਾਂਟ ਦੀ ਵਰਤੋਂ ਦਾ ਰਿਕਾਰਡ ਅੱਜ ਤੱਕ ਲੋੜੀਦਾ ਹੈ | ਇਸ ਵਿਚੋਂ ਇਕੱਲੇ ਉਸ ਸਮੇਂ ਦੇ ਕਾਰਜ ਸਾਧਕ ਅਫ਼ਸਰ ਨਾਭਾ ਵੱਲ ਚਾਰ ਕਰੋੜ ਦੀ ਗਰਾਂਟ ਦੀ ਵਰਤੋਂ ਪਿਛਲੇ ਕਰੀਬ ਚਾਰ ਸਾਲਾਂ ਤੋਂ ਲੰਬਿਤ ਹੈ | ਉਪਰੋਕਤ ਜਾਣਕਾਰੀ ਤੋਂ ਹੈਰਾਨੀ ਪ੍ਰਗਟ ਕਰਦਿਆਂ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਦੱਸਿਆ ਕਿ 14ਵੇਂ ਵਿਤ ਕਮਿਸ਼ਨ ਦੀ 30 ਕਰੋੜ 29 ਲੱਖ ਦੀ ਗਰਾਂਟ 'ਚੋਂ 6 ਕਰੋੜ 60 ਲੱਖ ਦੀ ਗਰਾਂਟ ਦੀ ਵਰਤੋਂ ਦਾ ਰਿਕਾਰਡ ਨਾ ਹੋਣਾ ਕਾਫੀ ਗੰਭੀਰ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਚੋਣਵੇਂ ਪੰਚਾਇਤ ਸਕੱਤਰਾਂ ਦੀ ਵਰਤੀ ਜਾ ਰਹੀ ਇਸ ਅਣਗਹਿਲੀ ਲਈ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਵੀ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਚਾਰ-ਪੰਜ ਅਜਿਹੇ ਪੰਚਾਇਤ ਸਕੱਤਰ ਹਨ ਜਿਨ੍ਹਾਂ ਵਲੋਂ ਉਪਰੋਕਤ ਮਾਮਲੇ ਵਿਚ ਉਣਤਾਈਆ ਵਰਤੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ 'ਤੇ ਸਸਪੈਂਡ ਨਹੀਂ ਡਿਸਮਿਸ ਹੀ ਕੀਤਾ ਜਾਏਗਾ | ਹਲਕਾ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਇਸ ਸੰਬੰਧ ਵਿਚ ਪਾਰਟੀ ਪ੍ਰਧਾਨ ਅਮਨ ਅਰੋੜਾ ਨੂੰ ਵੀ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਪਰੋਕਤ ਚੋਣਵੇਂ ਪੰਚਾਇਤ ਸਕੱਤਰਾਂ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ ਕਿ ਉਹ ਪੈਂਡਿੰਗ ਰਿਕਾਰਡ ਨੂੰ ਅਪਡੇਟ ਕਰਨਗੇ | ਉਨ੍ਹਾਂ ਸਪਸ਼ਟ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਿਭਾਗੀ ਸਖ਼ਤ ਕਾਨੂੰਨੀ ਕਾਰਵਾਈ ਲਈ ਉਹ ਤਿਆਰ ਰਹਿਣ |