ਰਾਜਪੁਰਾ, 3 ਸਤੰਬਰ (ਜੀ.ਪੀ. ਸਿੰਘ)-ਫੁੱਫੜ ਵਲੋਂ ਅਸ਼ਲੀਲ ਹਰਕਤਾਂ ਕਰਨ 'ਤੇ ਇਕ 17 ਸਾਲਾਂ ਦੀ ਲੜਕੀ ਨੇ ਖ਼ੁਦਕੁਸ਼ੀ ਕਰ ਲਈ | ਥਾਣਾ ਸਦਰ ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੀ ਭੈਣ, ਜੀਜਾ ਅਤੇ ਪਤਨੀ, ਜਿਸ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ, ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਵਿਕਰਮਜੀਤ ਵਾਸੀ ਪਿੰਡ ਬਸੰਤਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਆਪਣੀ ਪਤਨੀ ਵਿਨੈ ਸ਼ੁਕਲਾ ਵਾਸੀ ਪਿੰਡ ਸ਼ਿਵਾਜੋਤ ਜ਼ਿਲ੍ਹਾ ਸਰਸਵਤੀ (ਉੱਤਰ ਪ੍ਰਦੇਸ਼) ਨਾਲ ਤਲਾਕ ਹੋ ਗਿਆ ਸੀ ਅਤੇ ਉਸ ਦੀਆਂ ਦੋਵੇਂ ਲੜਕੀਆਂ ਉਸ ਦੇ ਨਾਲ ਹੀ ਰਹਿ ਰਹੀਆਂ ਸਨ | 22 ਫਰਵਰੀ 2023 ਨੂੰ ਉਸ ਨੂੰ ਕਿਸੇ ਕੰਮ ਲਈ ਉੱਤਰ ਪ੍ਰਦੇਸ਼ ਜਾਣਾ ਪਿਆ ਅਤੇ ਉਸ ਨੇ ਆਪਣੀ ਵੱਡੀ ਲੜਕੀ ਪਿ੍ਆ ਰਾਜ ਉਮਰ ਕਰੀਬ 17 ਸਾਲ ਨੂੰ ਦੇਖ-ਭਾਲ ਲਈ ਆਪਣੀ ਭੈਣ ਅੰਜੂ ਬਾਲਾ ਵਾਸੀ ਪਿੰਡ ਬਸੰਤਪੁਰਾ ਦੇ ਘਰ ਛੱਡ ਕੇ ਗਿਆ ਸੀ | ਜਦੋਂ ਉਹ ਉੱਤਰ ਪ੍ਰਦੇਸ਼ ਤੋਂ 5-6 ਮਹੀਨੇ ਬਾਅਦ ਵਾਪਸ ਆਇਆ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ 22 ਫਰਵਰੀ ਨੂੰ ਹੀ ਉਨ੍ਹਾਂ ਦੇ ਫੁੱਫੜ ਸਤੀਸ਼ ਕੁਮਾਰ ਵਾਸੀ ਪਿੰਡ ਬਸੰਤਪੁਰਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ | ਜਿਸ ਸੰਬੰਧੀ ਸਤੀਸ਼ ਕੁਮਾਰ ਖ਼ਿਲਾਫ਼ ਥਾਣਾ ਸਦਰ ਰਾਜਪੁਰਾ 'ਚ ਕੇਸ ਦਰਜ ਹੋ ਗਿਆ ਸੀ | ਜੋ ਉਸ ਤੋਂ ਬਾਅਦ ਮੁਲਜ਼ਮ ਵੱਖ-ਵੱਖ ਤਰੀਕਿਆਂ ਨਾਲ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ | ਜਿਸ ਕਾਰਨ ਉਸ ਦੀ ਲੜਕੀ ਡਿਪਰੈਸ਼ਨ 'ਚ ਆ ਗਈ ਤੇ ਉਸ ਨੇ ਲੰਘੇ ਦਿਨ ਸ਼ਾਮ ਨੂੰ ਘਰ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਥਾਣਾ ਸਦਰ ਦੀ ਪੁਲਿਸ ਨੇ ਸਤੀਸ਼ ਕੁਮਾਰ, ਅੰਜੂ ਬਾਲਾ ਅਤੇ ਵਿਨੈ ਸ਼ੁਕਲਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |