ਸਮਾਣਾ, 3 ਸਤੰਬਰ (ਪ੍ਰੀਤਮ ਸਿੰਘ ਨਾਗੀ)-ਮੌਜੂਦਾ ਸਮੇਂ ਸੂਬੇ 'ਚ ਆਏ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਖ਼ਾਸ ਤੌਰ 'ਤੇ ਕਿਸਾਨਾਂ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ ਤੇ ਇਸ ਆਰਥਿਕ ਤੌਰ 'ਤੇ ਮਾਲੀ ਨੁਕਸਾਨ ਦੇ ਮੁਆਵਜ਼ੇ ਵਜੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਲਈ ਵੱਡਾ ਰਾਹਤ ਪੈਕੇਜ ਭੇਜੇ ਜਾਣ ਦਾ ਤੁਰੰਤ ਐਲਾਨ ਕੀਤਾ ਜਾਣਾ ਚਾਹੀਦਾ ਹੈ | ਇਸ ਪ੍ਰਗਟਾਵਾ ਅੰਤਰਰਾਸ਼ਟਰੀ ਵੈੱਲਫੇਅਰ ਫੋਰਮ ਦੇ ਚੇਅਰਮੈਨ ਨਵਾਬ ਸਿੰਘ ਮਨੇਸ਼ ਨੇ ਹੜ੍ਹਾਂ ਦੀ ਮਾਰ ਹੇਠ ਆਏ ਕਾਫੀ ਗਿਣਤੀ ਵਿਚ ਪਿੰਡਾਂ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਾਝੇ ਵਿਚ ਲੋਕਾਂ ਦੀਆਂ ਫ਼ਸਲਾਂ ਤੇ ਪਸ਼ੂ-ਧਨ ਦਾ ਵੱਡਾ ਨੁਕਸਾਨ ਹੋਇਆ ਹੈ | ਜਿਸ ਸੰਬੰਧੀ ਕੀਤੇ ਜਾ ਰਹੇ ਬਚਾਅ ਕਾਰਜ ਨਾ-ਮਾਤਰ ਹਨ | ਮਨੇਸ਼ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਦਿਆਂ ਹੜ੍ਹਾਂ ਤੋਂ ਬਚਾਅ ਲਈ ਰਾਹਤ ਪੈਕੇਜ ਦੀ ਮੰਗ ਕਰਦਿਆਂ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਹੈ | ਉਨ੍ਹਾਂ ਆਖਿਆ ਕਿ ਹੜ੍ਹਾਂ ਨੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਦਾ ਨੁਕਸਾਨ ਕਰਨ ਦੇ ਨਾਲ-ਨਾਲ ਪਸ਼ੂਆਂ ਅਤੇ ਘਰਾਂ ਦੇ ਕੀਮਤੀ ਸਾਮਾਨ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਇਸ ਦੁਖ ਦੀ ਘੜੀ ਵਿਚ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਮੂਹਰੇ ਆਉਣਾ ਚਾਹੀਦਾ ਹੈ |