ਪਟਿਆਲਾ, 6 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਆਲ ਇੰਡੀਆ ਐਂਟੀ ਟੈਰੋਰਿਸਟ ਫ਼ਰੰਟ ਵਲੋਂ ਕੌਮੀ ਪ੍ਰਧਾਨ ਅਮਨ ਗਰਗ ਸੂਲਰ, ਓਮਕਾਰ ਸ਼ਰਮਾ ਸਟੇਟ ਪ੍ਰਧਾਨ, ਸੀਮਾ ਭਾਰਗਵ ਚੇਅਰਪਰਸਨ ਮਹਿਲਾ ਵਿੰਗ ਪੰਜਾਬ ਦੀ ਸਾਂਝੀ ਅਗਵਾਈ ਹੇਠ ਪੰਜਾਬ 'ਚ ਆਏ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਇਕ ਲੱਖ ਰੁਪਏ ਦੀ ਰਾਸ਼ਨ ਸਮਗਰੀ ਰਵਾਨਾ ਕੀਤੀ ਗਈ | ਉਨ੍ਹਾਂ ਕਿਹਾ ਕਿ ਕਈ ਇਲਾਕਿਆਂ ਵਿਚ ਲੋਕ ਬੇਘਰ ਹੋ ਚੁੱਕੇ ਹਨ, ਖੇਤ-ਖਲਿਹਾਣ ਪਾਣੀ ਹੇਠ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ | ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਪਟਿਆਲਾ ਤੋਂ ਰਾਹਤ ਸਮਗਰੀ ਦੇ ਕਈ ਟਰੱਕ ਰਵਾਨਾ ਕੀਤੇ ਗਏ | ਇਸ ਮੌਕੇ 'ਤੇ ਐਡਵੋਕੇਟ ਅਮਨ ਗਰਗ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਲਖੇੜੇ 'ਚ ਹਨ | ਘਰ ਤਬਾਹ ਹੋਏ, ਰੋਜ਼ਗਾਰ ਚਲਾ ਗਿਆ ਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੀ ਅਪੀਲ ਕੀਤੀ ਕਿ ਪੰਜਾਬ ਲਈ ਖ਼ਾਸ ਰਾਹਤ ਪੈਕੇਜ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਹੜ੍ਹ ਪੀੜਤ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਨ ਦਾ ਮੌਕਾ ਮਿਲੇ | ਅਮਨ ਗਰਗ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |