ਪਟਿਆਲਾ, 22 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦਿਹਾਂਤ 'ਤੇ ਵੱਖ-ਵੱਖ ਧਿਰਾਂ ਵਲੋਂ ਗਹਿਰਾ ਦੁੱਖ ਪ੍ਰਗਟਾਇਆ ਗਿਆ ਹੈ | ਉਨ੍ਹਾਂ ਦੀ ਮੌਤ 'ਤੇ ਦੁਖ ਸਾਂਝਾ ਕਰਦਿਆਂ ਪ੍ਰਧਾਨ ਬਾਬੂ ਸਿੰਘ ਨੇ ਕਿਹਾ ਕਿ ਸਦੀਵੀ ਵਿਛੋੜੇ ਕਾਰਨ ਪਰਿਵਾਰ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ, ਪਰ ਨਾਲ ਹੀ ਪੰਜਾਬ ਦੇ ਸਿਆਸੀ ਤੇ ਸਮਾਜਕ ਪੱਖ ਵਿਚ ਵੀ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਬਾਬੂ ਸਿੰਘ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਦੀ ਮੌਤ ਨਾਲ ਪੰਜਾਬ ਨੇ ਇਕ ਦਰਦਮੰਦ ਸਿਆਸੀ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ | ਉਨ੍ਹਾਂ ਦੀ ਸਿਆਸਤ ਹਮੇਸ਼ਾ ਲੋਕਾਂ ਦੀ ਭਲਾਈ, ਨਿਰਭਰਤਾ ਅਤੇ ਸੂਬੇ ਦੇ ਸਮੂਹਿਕ ਵਿਕਾਸ ਲਈ ਸਮਰਪਿਤ ਰਹੀ | ਉਹ ਇਕ ਸਾਫ਼-ਸੁਥਰੀ ਛਵੀ ਵਾਲੇ ਆਗੂ ਸਨ ਜਿਨ੍ਹਾਂ ਨੇ ਹਮੇਸ਼ਾ ਨਿੱਜੀ ਸਵਾਰਥਾਂ ਦੀ ਬਜਾਏ ਲੋਕਾਂ ਦੀਆਂ ਲੋੜਾਂ ਨੂੰ ਤਰਜੀਹ ਦਿੱਤੀ | ਬਾਬੂ ਸਿੰਘ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਪੰਥਕ ਸਿਧਾਂਤਾਂ ਤੇ ਅਡੋਲ ਵਿਸ਼ਵਾਸ ਰੱਖਦੇ ਸਨ ਅਤੇ ਹਮੇਸ਼ਾ ਸਚਾਈ, ਇਮਾਨਦਾਰੀ ਤੇ ਕੁਰਬਾਨੀ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹੇ | ਉਨ੍ਹਾਂ ਦੀ ਸਿਆਸੀ ਸੋਚ ਅਤੇ ਦਰਸਨ ਹਮੇਸ਼ਾ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਨ ਬਣਿਆ ਰਹੇਗਾ | ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਹਰਮੇਲ ਸਿੰਘ ਟੌਹੜਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ |