ਪਟਿਆਲਾ, 23 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਵਿਚ ਦਹਾਕਿਆਂ ਤੋਂ ਕਬਜ਼ੇ ਹੇਠਾਂ ਚੱਲ ਰਹੀਆਂ ਨਿਗਮ ਜਾਇਦਾਦਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਨਾਲ ਨਾਲ ਖ਼ੁਦ ਵੀ ਨਿਗਮ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਚਾਰਾਜੋਈ ਨਾਲ ਛੁਡਵਾ ਕੇ ਆਪਣੇ ਕਬਜ਼ੇ ਵਾਲੇ ਬੋਰਡ ਲਗਾਏ ਜਾ ਰਹੇ ਹਨ | ਇਸ ਕੜੀ ਵਿਚ ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਕੌਲਾ ਵਾਲੇ ਟੋਭੇ ਦੀ ਬੇਸ਼ਕੀਮਤੀ 22 ਵਿੱਘੇ ਜ਼ਮੀਨ ਵਾਲਾ ਕੇਸ ਵੀ ਨਗਰ ਨਿਗਮ ਪੰਜਾਬ ਹਰਿਆਣਾ ਉਚ ਅਦਾਲਤ ਵਿਚ ਜਿੱਤ ਗਿਆ ਹੈ | ਇਲਾਕਾ ਵਾਸੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਬਗੈਰ ਸਮਾਂ ਗਵਾਏ ਉਕਤ ਜਗ੍ਹਾ ਦਾ ਕਬਜਾ ਲਵੇ | ਜਿਸ ਤੋਂ ਬਾਅਦ ਇਥੇ ਸ਼ਹਿਰੀ ਲੋਕਾਂ ਲਈ ਅਤਿ ਲੋੜੀਂਦੇ ਪਾਰਕ ਅਤੇ ਹੋਰ ਵਪਾਰਿਕ ਸਥਾਨ ਬਣਾ ਕੇ ਨਿਗਮ ਜਿੱਥੇ ਆਮ ਲੋਕਾਂ ਨੂੰ ਰਾਹਤ ਦੇਵੇਗਾ ਉਥੇ ਖਜਾਨੇ ਵਿਚ ਵੀ ਕਰੋੜਾਂ ਰੁਪਿਆ ਪਵਾ ਸਕਦਾ ਹੈ | ਜਿਸ ਨਾਲ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਸਕਦਾ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਇਕ ਸ਼ਿਕਾਇਤ ਵੀ ਕੀਤੀ ਗਈ ਸੀ ਜਿਸ ਵਿਚ ਉਕਤ ਥਾਂ ਉਤੇ 5 ਵਿੱਘੇ ਦੇ ਮਾਲਕ ਵਲੋਂ 15 ਵਿੱਘੇ ਨਾਲ ਲੱਗਦੀ ਹੋਰ ਜ਼ਮੀਨ ਵੀ ਵੇਚ ਦਿੱਤੀ ਗਈ ਹੈ | ਦੇਖਣਾ ਇਹ ਹੋਵੇਗਾ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਦਫਤਰ ਕਿੰਨਾ ਕੁ ਸੁਚੇਤ ਹੋ ਕੇ ਕਾਰਵਾਈ ਅਮਲ ਵਿਚ ਲਿਆਂਦਾ ਹੈ | ਲੰਘੇ ਸਮੇਂ ਦੌਰਾਨ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦਿਆਂ ਲੈਂਡ ਸ਼ਾਖਾ ਵਲੋਂ ਨਿਗਮ ਪਟਵਾਰੀ ਹਰਬੰਸ ਸਿੰਘ ਦੀਆਂ ਸੇਵਾਵਾਂ ਲੈਂਦਿਆਂ ਵੱਡੀ ਪੱਧਰ 'ਤੇ ਨਗਰ ਨਿਗਮ ਦੀਆਂ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ |