ਪਟਿਆਲਾ, 24 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸੰਸਕਿ੍ਤ ਅਤੇ ਪਾਲੀ ਵਿਭਾਗ ਵਿਖੇ ਇੰਡੀਅਨ ਏਅਰਫੋਰਸ ਤੋਂ ਰਿਟਾਇਰਡ ਅਧਿਕਾਰੀ ਅਤੇ ਮਸ਼ਹੂਰ ਸਾਈਕਲ ਚਾਲਕ ਰੁਪੇਸ਼ ਕੁਮਾਰ ਬੱਲੀ ਨੇ ਵਿਸ਼ੇਸ਼ ਭਾਸ਼ਣ ਦਿੱਤਾ | ਉਨ੍ਹਾਂ ਤੰਦਰੁਸਤ ਰਹਿਣ ਲਈ ਸਾਈਕਲਿੰਗ ਕਰਨ ਸੰਬੰਧੀ ਵਿਸ਼ੇ 'ਤੇ ਜ਼ਰੂਰੀ ਨੁਕਤੇ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਕਿੰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਹਰ ਰੋਜ਼ ਇਕ ਘੰਟਾ ਕੋਈ ਵੀ ਗਤੀਵਿਧੀ ਚਾਹੇ ਉਹ ਕਸਰਤ ਹੋਵੇ ਜਾਂ ਫਿਰ ਯੋਗਾ ਆਦਿ, ਜ਼ਰੂਰ ਕਰਨੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਵਿਭਾਗ ਦੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਬੜੇ ਰੋਚਕ ਢੰਗ ਨਾਲ ਦਿੱਤੇ | ਵਿਭਾਗ ਮੁਖੀ ਡਾ. ਪੁਸ਼ਪਿੰਦਰ ਜੋਸ਼ੀ ਵਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਗਈ ਕਿ ਭਵਿੱਖ 'ਚ ਵੀ ਉਹ ਵਿਭਾਗ ਦੇ ਵਿਦਿਆਰਥੀਆਂ ਨੂੰ ਇਸੇ ਪ੍ਰਕਾਰ ਪ੍ਰੇਰਨਾ ਦਿੰਦੇ ਰਹਿਣਗੇ | ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਵੀਰੇਂਦਰ ਕੁਮਾਰ, ਡਾ. ਜਰਨੈਲ, ਡਾ. ਰਾਹੁਲ, ਡਾ. ਰਾਧਾ ਦੇਵੀ, ਡਾ. ਅੰਗਰੇਜ਼, ਅਸ਼ੀਸ਼ ਕੁਮਾਰ, ਮਦਨ ਲਾਲ ਅਤੇ ਸਮੂਹ ਵਿਦਿਆਰਥੀ ਹਾਜ਼ਰ ਰਹੇ |