ਪਟਿਆਲਾ ਦਿਹਾਤੀ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਆਗੂਆਂ 'ਚ ਵਧੀ ਖਿੱਚੋਤਾਣ
ਅਜੀਤ ਡੈਸਕ
28-09-2025
ਪਟਿਆਲਾ ਜ਼ਿਲੇ੍ਹ ਵਿਚ ਕੁੱਲ 17 ਲੱਖ ਦੇ ਕਰੀਬ ਵੋਟਰ ਹਨ ਜਿਨ੍ਹਾਂ ਵਿਚੋਂ ਸਾਢੇ 6 ਲੱਖ ਜਨਰਲ, ਸਾਢੇ 5 ਲੱਖ ਦੇ ਕਰੀਬ ਐਸ.ਸੀ. ਭਾਈਚਾਰਾ ਅਤੇ ਇਸ ਤੋਂ ਇਲਾਵਾ ਬਾਕੀ ਹਿੰਦੂ ਅਤੇ ਓ.ਬੀ.ਸੀ. ਵਰਗ ਬਚਦਾ ਹੈ | ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰਾਂ ਅਤੇ ਬਲਾਕ ਪ੍ਰਧਾਨਾਂ ਨੇ ਦੱਸਿਆ ਕਿ ਸੀਨੀਅਰ ਲੀਡਰਾਂ ਵਲੋਂ ਹਮੇਸ਼ਾ ਪਾਰਟੀ ਹਾਈਕਮਾਨ ਨੂੰ ਆਪਣੇ ਭਾਈਚਾਰੇ ਦੀ ਵੱਧ ਗਿਣਤੀ ਦੱਸ ਕੇ ਨੁਮਾਇੰਦਗੀ/ਪ੍ਰਧਾਨਗੀ ਲੈਣ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ ਜਦੋਂ ਕਿ ਜਨਰਲ/ਐਸ.ਸੀ./ਹਿੰਦੂ/ਓ.ਬੀ.ਸੀ. (ਕੰਬੋਜ ਬਰਾਦਰੀ ਨੂੰ ਛੱਡ ਕੇ ਹੋਰ 31 ਜਾਤਾਂ) ਨੂੰ ਹਮੇਸ਼ਾ ਅਣਗੌਲਿਆ ਕਰਾਇਆ ਜਾਂਦਾ ਰਿਹਾ ਹੈ¢
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 27 ਸਤੰਬਰ-ਪਿਛਲੇ ਦਿਨੀਂ ਰਾਹੁਲ ਗਾਂਧੀ ਵਲੋਂ ਹਰਿਆਣਾ ਵਿਚ ਨੌਜਵਾਨਾਂ ਨੂੰ ਪਾਰਟੀ ਪ੍ਰਧਾਨ ਤੇ ਹੋਰ ਕਾਂਗਰਸ ਦੇ ਸੰਗਠਨ ਦੀਆਂ ਨੁਮਾਇੰਦਗੀਆਂ ਸੌਂਪਣ ਦੇ ਬਿਆਨ ਤੋਂ ਬਾਅਦ ਸੂਬੇ ਦੇ ਪੁਰਾਣੇ ਕਾਂਗਰਸੀ ਨੇਤਾ ਘਬਰਾਹਟ 'ਚ ਨਜ਼ਰ ਆ ਰਹੇ ਹਨ | ਇਸੇ ਕਾਰਨ ਕਾਂਗਰਸ ਵਲੋਂ ਸੰਗਠਨ ਦੀ ਮਜ਼ਬੂਤੀ ਲਈ ਭੇਜੇ ਆਬਜਰਵਰ ਸਾਹਮਣੇ ਬਹੁਤੇ ਪਾਰਟੀ ਲੀਡਰਾਂ ਤੇ ਆਗੂਆਂ ਵਲੋਂ ਆਪੋ ਆਪਣੇ ਹੱਕ ਵਿਚ ਲੋਕ ਭੁਗਤਾਏ ਜਾ ਰਹੇ ਹਨ | ਪਟਿਆਲਾ ਜ਼ਿਲੇ੍ਹ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਪੁਰਾਣੇ ਤੇ ਟਕਸਾਲੀ ਕਾਂਗਰਸ ਲੀਡਰਾਂ ਵਿਚ ਇਹ ਭੜਕਾਹਟ ਇਸ ਕਦਰ ਵੱਧ ਚੁੱਕੀ ਹੈ ਕਿ ਉਹ ਪਾਰਟੀ ਹਾਈਕਮਾਨ ਨੂੰ ਧਰਾਤਲੀ ਪੱਧਰ 'ਤੇ ਗਲਤ ਅੰਕੜਿਆਂ ਨੂੰ ਆਪਣੇ ਪੱਧਰ 'ਤੇ ਆਪਣੇ ਲਈ ਸਹੀ ਦਿਖਾ ਕੇ ਜ਼ਿਲ੍ਹਾ ਪੱਧਰ 'ਤੇ ਪ੍ਰਧਾਨਗੀ ਲੈਣ ਦੀ ਖਾਤਰ ਪਾਪੜ ਵੇਲਦੇ ਨਜ਼ਰ ਆ ਰਹੇ ਹਨ | ਜਿਸ ਦੀ ਉਦਾਹਰਨ ਪਟਿਆਲਾ ਦਿਹਾਤੀ ਦੇ ਹਲਕਾ ਰਾਜਪੁਰਾ, ਘਨੌਰ, ਸਮਾਣਾ ਵਿਚ ਦੇਖੀ ਜਾ ਸਕਦੀ ਹੈ | ਸੂਤਰਾਂ ਅਨੁਸਾਰ ਪਿਛਲੇ 15 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਪਹੁੰਚ ਨੂੰ ਵਰਤਦਿਆਂ ਪਟਿਆਲਾ ਜ਼ਿਲੇ੍ਹ ਨਾਲ ਸੰਬੰਧਿਤ ਕੁਝ ਨੇਤਾਵਾਂ ਵਲੋਂ ਕਾਂਗਰਸ ਹਾਈਕਮਾਨ ਨੂੰ 93 ਫ਼ੀਸਦੀ ਵੋਟ ਬੈਂਕ ਨੂੰ ਇਕ ਪਾਸੜ ਕਰਦਿਆਂ ਆਪਣੇ ਆਪ ਨੂੰ ਸੱਤਾ ਵਿਚ ਸਹੀ ਸਾਬਤ ਕਰਨ ਦੀ ਕੋਸ਼ਿਸ਼ ਚੱਲਦੀ ਰਹੀ ਹੈ | ਇਹੋ ਕਾਰਨ ਰਿਹਾ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਪਟਿਆਲਾ ਦਿਹਾਤੀ ਦੀਆਂ 6 ਸੀਟਾਂ ਵਿਚੋਂ 3 ਸੀਟਾਂ (ਰਾਜਪੁਰਾ, ਸਮਾਣਾ, ਘਨੌਰ) ਕੰਬੋਜ ਬਰਾਦਰੀ, 2 ਸੀਟਾਂ 'ਤੇ (ਸ਼ੁਤਰਾਣਾ, ਨਾਭਾ) ਐਸ.ਸੀ. ਭਾਈਚਾਰਾ ਅਤੇ 1 ਸੀਟ ਜਨਰਲ ਵਰਗ ਨੂੰ ਮਿਲਦੀ ਆ ਰਹੀ ਹੈ | ਪਟਿਆਲਾ ਜ਼ਿਲੇ੍ਹ ਦੀ ਅਸਲ ਵੋਟ ਬੈਂਕ ਵੰਡ ਦੀ ਗੱਲ ਕੀਤੀ ਜਾਵੇ ਤਾਂ ਇਥੇ ਓ.ਬੀ.ਸੀ. ਵਿਚ ਲਗਪਗ 32 ਜਾਤਾਂ ਆਉਂਦੀਆਂ ਹਨ ਜਿਸ ਵਿਚੋਂ ਸਭ ਤੋਂ ਵੱਧ ਸੈਣੀ, ਰਾਮਗੜ੍ਹੀਆ ਬਰਾਦਰੀ ਦੀ ਵੋਟ ਬੈਂਕ ਮੰਨੀ ਜਾਂਦੀ ਹੈ ਅਤੇ ਜਦੋਂ ਕਿ ਕੰਬੋਜ ਬਰਾਦਰੀ ਦੀ ਕੇਵਲ 7 ਫ਼ੀਸਦੀ ਵੋਟ ਬੈਂਕ ਹੈ | ਇਸੇ ਤਰ੍ਹਾਂ ਐਸ.ਸੀ. ਭਾਈਚਾਰੇ ਦੀ 32 ਤੋਂ 35 ਅਤੇ ਜਨਰਲ 25 ਤੋਂ 30 ਫ਼ੀਸਦੀ ਵੋਟ ਬੈਂਕ ਬਾਰੇ ਪਤਾ ਲੱਗਦਾ ਹੈ | ਪਟਿਆਲਾ ਨਾਲ ਸੰਬੰਧਤ ਪੁਰਾਣੇ ਨੇਤਾਵਾਂ ਵਲੋਂ ਜੋ ਹਾਈਕਮਾਨ ਨੂੰ ਦਰਸਾਇਆ ਜਾ ਰਿਹਾ ਹੈ ਉਸ ਅਨੁਸਾਰ ਓ.ਬੀ.ਸੀ. ਵਰਗ (32 ਜਾਤਾਂ ਵਿਚੋਂ ਕੇਵਲ ਕੰਬੋਜ) ਵਰਗ ਨੂੰ ਆਧਾਰ ਬਣਾ ਕੇ ਹਮੇਸ਼ਾ ਟਿਕਟ ਅਤੇ ਪ੍ਰਧਾਨਗੀ ਦੇ ਵੱਖ ਵੱਖ ਅਹੁਦਿਆਂ ਦੀ ਮੰਗ ਕੀਤੀ ਗਈ ਹੈ | ਪਾਰਟੀ ਵਰਕਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਹੁਲ ਗਾਂਧੀ ਵਲੋਂ ਪਾਰਟੀ ਨੂੰ ਉਪਰ ਚੁੱਕਣ ਲਈ ਜਿਥੇ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਆਖੀ ਗਈ ਹੈ ਕਿ ਉਥੇ ਪਾਰਟੀ ਹਾਈਕਮਾਨ ਤੱਕ ਧਰਾਤਲੀ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਜਿਸ ਨਾਲ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇਕੋ ਪਰਿਵਾਰ 'ਚ ਘੁੰਮਦੀ ਟਿਕਟਾਂ/ ਪ੍ਰਧਾਨਗੀਆਂ ਦਾ ਦੱਬਕਾ ਟੁੱਟੇਗਾ ਅਤੇ ਪਾਰਟੀ ਲਈ ਕੰਮ ਕਰਦੇ ਹਰ ਨੌਜਵਾਨ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ |