ਪਟਿਆਲਾ, 27 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਪੰਚਮੀ ਦਾ ਦਿਹਾੜਾ ਬੜੇ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ | ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਮੌਕੇ ਦੀਵਾਨ ਹਾਲ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ | ਦੀਵਾਨਾ ਅੰਦਰ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਢਾਡੀ ਸਾਹਿਬਾਨ ਵਲੋਂ ਗੁਰ ਇਤਿਹਾਸ ਨਾਲ ਜੋੜਿਆ ਗਿਆ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨਤਮਸਤਕ ਹੋ ਕੇ ਜਿੱਥੇ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਾਂ ਉੱਥੇ ਹੀ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਵੀ ਸਾਂਝ ਪਾਈ | ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਚਮੀ ਵਾਲੇ ਦਿਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇਸ਼ਨਾਨ ਦਾ ਬਹੁਤ ਵੱਡਾ ਮਹਾਤਮ ਹੈ | ਇਸ ਵਿਸ਼ੇਸ਼ ਮੌਕੇ 'ਤੇ ਮੀਤ ਮੈਨੇਜਰ ਜਸਵਿੰਦਰ ਸਿੰਘ, ਮਨਦੀਪ ਸਿੰਘ ਮੀਤ ਮੈਨੇਜਰ, ਸਰਬਜੀਤ ਸਿੰਘ ਰਿਕਾਰਡ ਕੀਪਰ, ਹਜ਼ੂਰ ਸਿੰਘ ਰਿਕਾਰਡ ਕੀਪਰ, ਮਨਜੀਤ ਸਿੰਘ ਰਿਕਾਰਡ ਕੀਪਰ, ਗਿਆਨੀ ਪਰਵਿੰਦਰ ਸਿੰਘ ਬਰਾੜਾ, ਭਾਈ ਪਰਵਿੰਦਰ ਸਿੰਘ ਰਿਉਂਦ ਪ੍ਰਚਾਰਕ, ਗੁਰਪਿਆਰ ਸਿੰਘ ਜੌਹਰ ਢਾਡੀ, ਬੀਬੀ ਮੁਖ਼ਤਿਆਰ ਕੌਰ ਢਾਡੀ, ਲਖਵਿੰਦਰ ਸਿੰਘ ਪਾਰਸ ਢਾਡੀ, ਲਖਵਿੰਦਰ ਸਿੰਘ ਢਾਡੀ ਸਮੇਤ ਬਹੁਤ ਸਾਰੇ ਪੰਥ ਪ੍ਰਸਿੱਖ ਢਾਡੀ ਜਥੇ ਅਤੇ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ |