ਪਟਿਆਲਾ, 27 ਸਤੰਬਰ (ਅ.ਸ. ਆਹਲੂਵਾਲੀਆ)-ਜ਼ਿਲ੍ਹੇ ਦੇ ਹੜ੍ਹ ਪੀੜਤ ਪਿੰਡ ਚਮਾਰੂ ਅਤੇ ਜੰਡ ਮੰਗੋਲੀ 'ਚ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 220 ਕੁਇੰਟਲ ਮੱਕੀ ਦਾ ਅਚਾਰ ਪਸ਼ੂਆਂ ਦਾ ਚਾਰਾ ਵੰਡਿਆ ਗਿਆ | ਇਸ ਮੌਕੇ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਨੇ ਦੱਸਿਆ ਕਿ ਟਰੱਸਟ ਦੇ ਮੁਖੀ ਅਤੇ ਪ੍ਰਸਿੱਧ ਸਮਾਜਸੇਵੀ ਡਾ. ਐਸ. ਪੀ. ਸਿੰਘ ਓਬਰਾਏ ਆਪਣੀ ਕਮਾਈ ਦਾ 98 ਫ਼ੀਸਦੀ ਲੋਕ ਭਲਾਈ ਕੰਮਾਂ 'ਤੇ ਖਰਚਦੇ ਹਨ | ਡਾ. ਓਬਰਾਏ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ, ਮੈਡੀਕਲ ਕਿੱਟਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਰਾਹਤ ਸਮਗਰੀ ਲਗਾਤਾਰ ਪਹੁੰਚਾਈ ਜਾ ਰਹੀ ਹੈ | ਹੜ੍ਹ ਨਾਲ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਕਰੋੜਾਂ ਰੁਪਿਆ ਦਾ ਬਜਟ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਪ੍ਰਦਾਨ ਕੀਤੀ ਜਾ ਰਹੀ ਹੈ | ਟਰੱਸਟ ਵਲੋਂ ਇਹ ਸੇਵਾਵਾਂ ਹੜ੍ਹ ਦੇ ਪਹਿਲੇ ਦਿਨ ਤੋਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਅੱਜ ਤੱਕ ਟੀਮਾਂ ਲਗਾਤਾਰ ਸਰਹੱਦੀ ਇਲਾਕਿਆਂ ਵਿਚ ਮੈਦਾਨੀ ਪੱਧਰ 'ਤੇ ਸਹਾਇਤਾ ਕਰ ਰਹੀਆਂ ਹਨ | ਖ਼ਾਸ ਕਰਕੇ ਉਹ ਇਲਾਕੇ ਜਿੱਥੇ ਹੜ੍ਹ ਨੇ ਸਭ ਤੋਂ ਵੱਧ ਮਾਰ ਮਾਰੀ ਹੈ | ਡਾ. ਓਬਰਾਏ ਨੇ ਸਪਸ਼ਟ ਕੀਤਾ ਹੈ ਕਿ ਇਹ ਸੇਵਾ ਉਸ ਵੇਲੇ ਤੱਕ ਜਾਰੀ ਰਹੇਗੀ ਜਦ ਤੱਕ ਹਾਲਾਤ ਪੂਰੀ ਤਰ੍ਹਾਂ ਨਾਲ ਸਧਾਰਨ ਨਹੀਂ ਹੋ ਜਾਂਦੇ | ਇਸ ਵਿਚ ਖ਼ਾਸ ਕਰਕੇ ਹਜ਼ਾਰਾਂ ਟਨ ਮੱਕੀ ਦਾ ਅਚਾਰ ਪਸ਼ੂਆਂ ਦਾ ਚਾਰਾ ਨਿਰੰਤਰ ਵੰਡਿਆ ਜਾ ਰਿਹਾ ਹੈ | ਇਸ ਮੌਕੇ ਪਿੰਡ ਚਮਾਰੂ ਦੇ ਸਰਪੰਚ ਅਮਰਜੀਤ ਸਿੰਘ, ਪੰਚ ਕਪਤਾਨ ਸਿੰਘ, ਸਾਬਕਾ ਸਰਪੰਚ ਸਰਦੂਲ ਸਿੰਘ, ਹਰਮਨਦੀਪ ਸਿੰਘ ਅਤੇ ਪਿੰਡ ਵਾਸੀਆਂ ਵਲੋਂ ਵੀ ਡਾ. ਐਸ.ਪੀ. ਸਿੰਘ ਓਬਰਾਏ ਅਤੇ ਜੱਸਾ ਸਿੰਘ ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ |