ਪਟਿਆਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਵਿਧਾਨ ਸਭਾ ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਅੱਜ ਆਪਣੇ ਹਲਕੇ ਦੀ ਪੰਜੋਲਾ ਅਤੇ ਬਲਬੇੜਾ ਦਾਣਾ ਮੰਡੀਆਂ ਦਾ ਦੌਰਾ ਕੀਤਾ | ਮੰਡੀਆਂ ਦੇ ਦੌਰੇ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰੀ ਝੋਨੇ ਦਾ ਝਾੜ ਬੇਹੱਦ ਘੱਟ ਨਿਕਲ ਰਿਹਾ ਹੈ ਜਿੱਥੇ ਸਾਫ਼ ਖੜੀ ਦਿੱਖ ਰਹੀ ਫ਼ਸਲ ਦਾ ਝਾੜ 30 ਫ਼ੀਸਦੀ ਤੱਕ ਘੱਟ ਹੈ ਉੱਥੇ ਕੋਈ ਵੀ ਕਿਸਾਨ ਨਹੀਂ ਲੱਗ ਰਿਹਾ ਜਿਸ ਦੇ ਖੇਤਾਂ ਵਿਚ ਬੌਨਾਂ ਰੋਗ ਜਾਂ ਹਲਦੀ ਰੋਗ ਦੀ ਮਾਰ ਨਾ ਪਈ ਹੋਵੇ ਇਹੋ ਕਾਰਨ ਹੈ ਕਿ ਇਸ ਵਾਰੀ ਅੰਦਾਜਾ ਲਾਇਆ ਜਾ ਰਿਹਾ ਹੈ ਕਿ 50 ਫ਼ੀਸਦੀ ਝੋਨਾ ਮੰਡੀਆਂ ਵਿਚ ਘੱਟ ਆਵੇਗਾ | ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੇਹੱਦ ਘੱਟ ਝਾੜ ਅਤੇ ਬੌਨਾ ਰੋਗ ਤੇ ਹਲਦੀ ਰੋਗ ਕਾਰਨ ਕਿਸਾਨ ਨੂੰ ਬਹੁਤ ਵੱਡੀ ਮਾਰ ਪੈ ਰਹੀ ਹੈ ਇਸ ਲਈ ਤੁਰੰਤ ਫ਼ਸਲਾਂ ਦੇ 'ਤੇ ਮੁਆਵਜ਼ਾ ਜਾ ਬੋਨਸ ਦਾ ਐਲਾਨ ਕਰਕੇ ਕਿਸਾਨਾਂ ਨੂੰ ਸਰਕਾਰ ਰਾਹਤ ਦੇਵੇ | ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਇੱਕ ਹਿੱਸੇ ਵਿਚ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ ਉੱਥੇ ਇਸ ਖ਼ਿੱਤੇ ਅੰਦਰ ਇਹ ਕੋਈ ਪਹਿਲੀ ਮਾਰ ਨਹੀਂ ਪਿਛਲੇ ਕੁਝ ਸਾਲ ਤੋਂ ਲਗਾਤਾਰ ਹਰ ਫ਼ਸਲ ਦੇ 'ਤੇ ਕੁਦਰਤੀ ਆਫ਼ਤ ਦੀ ਮਾਰ ਪੈ ਰਹੀ ਹੈ | ਇਸ ਵਾਰੀ ਇਹ ਮਾਰ ਬਹੁਤ ਵੱਡੀ ਹੈ ਜਿਸ ਕਾਰਨ ਕਿਸਾਨ ਬਹੁਤ ਆਰਥਿਕ ਸੰਕਟ ਵਿਚ ਫਸ ਚੁੱਕਿਆ ਹੈ | ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਸ ਗੱਲ 'ਤੇ ਗਿਲਾ ਕਰਦਿਆਂ ਕਿਹਾ ਕਿ ਲੰਘੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਜਿੱਥੇ ਸਰਕਾਰ ਨੇ ਬੌਨਾ ਰੋਗ ਹਲਦੀ ਰੋਗ ਤੇ ਘੱਟ ਝਾੜ ਸੰਬੰਧੀ ਕੋਈ ਬਿਆਨ ਨਹੀਂ ਦਿੱਤਾ | ਚੰਦੂਮਾਜਰਾ ਨੇ ਇਸ ਮੌਕੇ 'ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰੀਪਰਾਂ ਦੇ ਨਾਲ ਜਿੱਥੇ ਕਿਸਾਨਾਂ ਨੇ ਕਰਚੇ ਕਟਾਏ ਹੋਏ ਹਨ ਉੱਥੇ ਉਨ੍ਹਾਂ ਨੂੰ ਪਰਾਲੀ ਬਣਾਉਣ ਲਈ ਬੇਲਰ ਨਹੀਂ ਮਿਲ ਰਹੇ ਪਰਾਲੀ ਖੇਤਾਂ ਵਿਚ ਪਈ ਹੋਈ ਹੈ | ਸਰਕਾਰ ਨੇ ਇਹ ਤਾਂ ਆਖ ਦਿੱਤਾ ਹੈ ਕਿ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਪਰ ਇਹ ਦੱਸਣ ਵਿਚ ਸਰਕਾਰ ਜਿੱਥੇ ਨਾ ਕਾਮਯਾਬ ਰਹੀ ਕਿ ਇਸ ਦਾ ਬਦਲਵਾਂ ਹੱਲ ਕਿਸਾਨ ਕੀ ਕੱਢਣ ਉੱਥੇ ਹੀ ਕੋਈ ਵੀ ਮਸ਼ੀਨਰੀ ਸਰਕਾਰ ਨੇ ਉਪਲਬਧ ਨਹੀਂ ਕਰਵਾਈ | ਇਸ ਮੌਕੇ 'ਤੇ ਆੜ੍ਹਤੀ ਐਸੋਸੀਏਸ਼ਨ ਦੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਨਿਰੰਜਨ ਸਿੰਘ ਫ਼ੌਜੀ, ਗੁਰਦਰਸ਼ਨ ਸਿੰਘ ਗਾਂਧੀ ਨਨਾਨਸੂ, ਆੜ੍ਹਤੀ ਐਸੋਸੀਏਸ਼ਨ ਬਲਬੇੜਾ ਦੇ ਕਰਮ ਸਿੰਘ ਨਨਾਨਸੂ, ਗੁਰਮੇਲ ਸਿੰਘ ਆੜ੍ਹਤੀ, ਹਰਕੇਸ਼ ਮਿੱਤਲ ਬਲਬੇੜਾ, ਸੁਰਜੀਤ ਸਿੰਘ ਚਰਾਸੋ ਅਤੇ ਪੰਜੋਲਾ ਮੰਡੀ 'ਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਿਰਪਾਲ ਸਿੰਘ, ਗੁਰਮੀਤ ਪੰਜੋਲਾ, ਜੀ ਸੋਮਨਾਥ ਪੰਜੋਲਾ, ਅਜੈਬ ਸਿੰਘ ਪੰਜੋਲਾ, ਬਲੈਤੀ ਰਾਮ ਪੰਜੋਲਾ, ਜਤਿੰਦਰ ਪਹਾੜੀਪੁਰ, ਗੁਰਮੁਖ ਸਿੰਘ ਸੁਹਾਗਹੇੜੀ, ਸੁਖਚੈਨ ਸਿੰਘ ਜੌਲਾਂ ਆਦਿ ਹਾਜ਼ਰ ਸਨ |