ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਪ੍ਰਧਾਨ ਮਿੱਠੂ ਘੈਂਟ ਐੱਨ.ਐੱਫ.ਐੱਸ.ਏ. ਵਲੋਂ ਆਪਣੀਆਂ ਮੰਗਾਂ ਸੰਬੰਧੀ ਪੂਰੇ ਪੰਜਾਬ ਵਿਚ ਹੜਤਾਲ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਨਾਭਾ ਡੀਪੂ ਯੂਨੀਅਨ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਦਿਹਾਤੀ ਪ੍ਰਧਾਨ ਬੇਅੰਤ ਸਿੰਘ ਸੁੱਖੇਵਾਲ ਵਲੋਂ ਵੀ ਨਾਭਾ ਵਿਖੇ ਮੁਕੰਮਲ ਹੜਤਾਲ ਕਰ ਦਿੱਤੀ ਹੈ | ਪ੍ਰਧਾਨ ਸ਼ਰਮਾ ਤੇ ਪ੍ਰਧਾਨ ਸੁੱਖੇਵਾਲ ਨੇ ਮੀਟਿੰਗ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਸਾਨੂੰ ਡੀਪੂ ਹੋਲਡਰਾਂ ਨੂੰ ਵੰਡਣ ਲਈ ਦਿੱਤੀ ਜਾਂਦੀ ਕਣਕ ਵਿਚ ਨਮੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਜਿਸ ਨੂੰ ਡਿਪੂ ਹੋਲਡਰ ਜਦੋਂ ਆਪਣੇ ਡੀਪੂ 'ਤੇ ਕਣਕ ਚੁੱਕ ਕੇ ਰੱਖਦੇ ਹਨ ਤਾਂ ਕੁੱਝ ਸਮੇਂ ਬਾਅਦ ਉਸ ਦੀ ਨਮੀ ਮਾਤਰਾ ਘਟ ਜਾਂਦੀ ਹੈ ਜਿਸ ਦਾ ਨੁਕਸਾਨ ਡਿਪੂ ਹੋਲਡਰ ਨੂੰ ਝੱਲਣਾ ਪੈਂਦਾ ਹੈ ਅਤੇ ਨਮੀ ਦੀ ਮਾਤਰਾ 12 ਪ੍ਰਤੀਸ਼ਤ ਹੋਣੀ ਚਾਹੀਦੀ ਹੈ, ਜਿਸ ਦਾ ਸਹੀ ਵਜ਼ਨ ਡੀਪੂ ਹੋਲਡਰਾਂ ਦੇ ਸਾਹਮਣੇ ਕੀਤਾ ਜਾਵੇ | ਪ੍ਰਧਾਨ ਸ਼ਰਮਾ ਤੇ ਬੇਅੰਤ ਸਿੰਘ ਨੇ ਮੰਗ ਕੀਤੀ ਹੈ ਕੀ ਈਪੋਜ ਮਸ਼ੀਨਾਂ ਅੰਗੂਠਾ ਲਗਾ ਕੇ 15 ਮਿੰਟ ਬਾਅਦ ਬੰਦ ਹੋ ਜਾਂਦੀਆਂ ਹਨ | ਮਸ਼ੀਨਾਂ 24 ਘੰਟੇ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਖਪਤਕਾਰ ਕਣਕ ਲੈਣ ਡੀਪੂ 'ਤੇ ਕਿਸੇ ਸਮੇਂ ਵੀ ਆ ਸਕਦਾ ਹੈ | ਇਸ ਮੌਕੇ ਬੀ. ਐੱਲ. ਖੁਰਾਨਾ, ਦਿਨੇਸ਼ ਖੱਟੜ ਵਿੱਕੀ, ਨਰੇਸ਼ ਸ਼ਰਮਾ, ਗੋਲਡੀ ਸ਼ਰਮਾ, ਇੰਦਰਜੀਤ ਸਿੰਘ, ਭਾਟੀਆ ਭਾਦਸੋਂ, ਸੰਤ ਸਿੰਘ ਗਲਵੱਟੀ, ਜਸਵਿੰਦਰ ਸਿੰਘ ਗੁਦਾਈਆ ਤੇ ਕੁਲਵਿੰਦਰ ਸਿੰਘ ਅਲੋਹਰਾਂ ਆਦਿ ਮੌਜੂਦ ਸਨ |