ਰਾਜਪੁਰਾ, 23 ਨਵੰਬਰ (ਜੀ.ਪੀ. ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਪ੍ਰਦੇਸ ਫੈਡਰੇਸ਼ਨ ਦੇ ਇਜਲਾਸ ਦੌਰਾਨ ਪਾਸ ਕੀਤੇ ਮਤੇ ਅਨੁਸਾਰ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਦੇ ਮੰਤਰੀ ਨੂੰ ਇਕ ਯਾਦ ਪੱਤਰ ਵਜੋਂ ਸਥਾਨਕ ਵਿਧਾਇਕ ਨੀਨਾ ਮਿੱਤਲ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ | ਪਿਛਲੇ ਸਮੇਂ ਸਰਕਾਰ ਨੇ ਵੀ ਸੀਨੀਅਰ ਸਿਟੀਜ਼ਨ ਪਾਲਿਸੀ ਦਾ ਐਲਾਨ ਕੀਤਾ ਸੀ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਔਰਤਾਂ ਤੇ ਬੱਚਿਆਂ ਦੇ ਵਿਭਾਗ ਤੋਂ ਵੱਖਰਾ ਕਰਕੇ ਸੀਨੀਅਰ ਸਿਟੀਜ਼ਨ ਦਾ ਵਿਭਾਗ ਬਣਾਉਣ ਦੀ ਮੰਗ ਕੀਤੀ ਗਈ ਸੀ, ਜਿਸ ਦਾ ਵੱਖਰਾ ਡਾਇਰੈਕਟਰੇਟ ਹੋਵੇਗਾ | ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ ਘੱਟੋ-ਘੱਟ 4000 ਕੀਤੀ ਜਾਵੇ | ਸਰਕਾਰ ਵਲੋਂ ਐਲਾਨਿਆ 10,0000 ਦਾ ਸਿਹਤ ਬੀਮਾ ਜਲਦ ਲਾਗੂ ਕੀਤਾ ਜਾਵੇ ਤੇ ਬਜ਼ੁਰਗਾਂ ਦੇ ਜਾਨ ਮਾਲ ਦੀ ਹਿਫ਼ਾਜ਼ਤ ਲਈ ਵਿਸ਼ੇਸ਼ ਸੇਲ ਬਣਾਇਆ ਜਾਵੇ | ਕੌਂਸਲ ਮੈਂਬਰਾਂ ਨੇ ਮੰਗ ਕੀਤੀ ਕਿ ਸਰਕਾਰ ਸੀਨੀਅਰ ਸਿਟੀਜ਼ਨ ਕਮਿਸ਼ਨ ਬਣਾਇਆ ਜਾਵੇ | ਇਸ ਮੌਕੇ ਪ੍ਰਧਾਨ ਰਤਨ ਸ਼ਰਮਾ, ਕੁਲਬੀਰ ਸਿੰਘ ਚੱਢਾ, ਡਾ ਗੁਰਵਿੰਦਰ ਅਮਨ, ਸੁਰੇਸ਼ ਕੱਕੜ, ਸੁਨੀਲ ਕੁਮਾਰ, ਰਣਜੀਤ ਸਿੰਘ ਨਿਰੰਕਾਰੀ, ਇਕਬਾਲ ਸਿੰਘ ਸਭਰਵਾਲ, ਪੀ.ਡੀ. ਚੋਪੜਾ, ਜਗਦੀਸ਼ ਚੌਹਾਨ, ਜੀ.ਐੱਸ. ਕੱਕੜ ਤੇ ਚਰਨਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ |