ਸਮਾਣਾ, 6 ਦਸੰਬਰ (ਸਾਹਿਬ ਸਿੰਘ)- ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਯੂ.ਪੀ. ਤੋਂ ਲਿਆਂਦੇ ਚੌਲਾਂ ਦੀ ਦੋ ਗੱਡੀਆਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਬਖ਼ਸ਼ ਸਿੰਘ ਸਮੇਤ ਪੁਲਿਸ ਪਾਰਟੀ ਟਰੱਕ ਯੂਨੀਅਨ ਸਮਾਣਾ ਮੌਜੂਦ ਸੀ | ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋ ਵਿਅਕਤੀ ਯੂ.ਪੀ. ਤੋਂ ਦੋ ਟਰਾਲੇ ਚੌਲਾਂ ਦੇ ਭਰ ਕੇ ਲਿਆਏ ਹਨ ਅਤੇ ਉਹ ਧਨੀ ਰਾਮ ਬਜ਼ਾਰ ਸਮਾਣਾ ਵਿਖੇ ਖੜ੍ਹੇ ਹਨ | ਚਾਵਲਾਂ ਨੂੰ ਐਸ.ਪੀ. ਰਾਈਸ ਮਿਲ ਸਮਾਣਾ ਵਿਚ ਉਤਾਰਿਆ ਜਾਣਾ ਹੈ | ਪੁਲਿਸ ਪਾਰਟੀ ਨੇ ਛਾਪਾ ਮਾਰਿਆ ਤਾਂ ਦੋ ਟਰਾਲੇ ਬਾਜ਼ਾਰ ਵਿਚ ਖੜ੍ਹੇ ਮਿਲੇ | ਪੁਲਿਸ ਨੇ ਟਰਾਲਿਆਂ ਦੇ ਡਰਾਈਵਰਾਂ ਨੂਰਦੀਨ ਬੱਠ ਵਾਸੀ ਸ੍ਰੀਨਗਰ ਤੇ ਆਮੀਰ ਹੁਸੈਨ ਵਾਸੀ ਸ੍ਰੀਨਗਰ ਨੂੰ ਕਾਬੂ ਕੀਤਾ | ਉਨ੍ਹਾਂ ਪਾਸ ਬਿੱਲ ਜਾਂ ਬਿਲਟੀਆਂ ਵਗੈਰਾ ਨਹੀਂ ਸਨ | ਪੁਲਿਸ ਨੇ ਦੋਵਾਂ ਡਰਾਈਵਰਾਂ ਅਤੇ ਮਿਲ ਮਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |