ਰਾਜਪੁਰਾ, 18 ਦਸੰਬਰ (ਜੀ.ਪੀ. ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਇਆਂ ਨੂੰ ਅਜੇ ਇਕ ਦਿਨ ਵੀ ਪੂਰਾ ਨਹੀਂ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਖੜ੍ਹਾ ਹੋਇਆ ਉਮੀਦਵਾਰ ਰਵਿੰਦਰ ਸਿੰਘ ਪਿਲਖਣੀ ਅੱਜ ਦੁਪਹਿਰ ਕਾਂਗਰਸ ਵਿਚ ਸ਼ਾਮਿਲ ਹੋ ਗਿਆ | ਇਸ ਮੌਕੇ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਭਾਜਪਾ ਦੇ ਵਰਕਰ ਸੀ ਤੇ ਚੋਣਾਂ ਵਿਚ ਉਸ ਨੰੂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਲੜਨ ਲਈ ਟਿਕਟ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੇ ਉਸ ਦੀ ਚੋਣਾਂ ਵਿਚ ਉਸ ਦਾ ਸਾਥ ਨਹੀਂ ਦਿੱਤਾ, ਪਰ ਉਹ ਆਪਣੇ ਰੁਤਬੇ ਕਰਕੇ ਹਲਕੇ ਦੇ 61 ਪਿੰਡਾਂ ਵਿਚੋਂ ਹਜ਼ਾਰਾਂ ਵੋਟਾਂ ਲੈਣ 'ਚ ਕਾਮਯਾਬ ਹੋ ਗਿਆ | ਜਿਸ ਕਾਰਨ ਉਸ ਦਾ ਭਾਜਪਾ ਤੋਂ ਮਨ ਭਰ ਗਿਆ ਤੇ ਉਸ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਰਾਜ ਸਮੇਂ ਕਰਵਾਏ ਹਲਕੇ ਦੇ ਵਿਕਾਸ ਨੂੰ ਦੇਖਦਿਆਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ | ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਉਸ ਦਾ ਕਾਂਗਰਸ 'ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਮਾਨਦਾਰ ਅਤੇ ਸਾਫ਼ ਛਵੀ ਵਾਲੇ ਆਗੂਆਂ ਦੀ ਜ਼ਰੂਰਤ ਹੈ ਤੇ ਕਾਂਗਰਸ ਪਾਰਟੀ ਆਪਣੇ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੰਦੀ ਹੈ | ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਨਿਰਭੈ ਸਿੰਘ ਮਿਲਟੀ, ਗੁਰਪ੍ਰੀਤ ਸਿੰਘ ਜੰਡੋਲੀ, ਮਲਕੀਤ ਸਿੰਘ ਉੱਪਲਹੇੜੀ, ਐਡ. ਪ੍ਰੇਮ ਸਿੰਘ, ਗੁਰਦੇਵ ਸਿੰਘ ਢਿੱਲੋਂ, ਭੁਪਿੰਦਰ ਸਿੰਘ ਬਖ਼ਸ਼ੀਵਾਲਾ ਸਮੇਤ ਹੋਰ ਮੌਜੂਦ ਸਨ |