ਪਟਿਆਲਾ, 19 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਵਿਦਿਆਰਥੀਆਂ ਦੇ ਜੀਵਨ ਕੌਸ਼ਲ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਵਿਹਾਰਕ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦ ਮਿਲੇਨੀਅਮ ਸਕੂਲ ਪਟਿਆਲਾ ਵਲੋਂ ਇਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ | ਇਸ ਪ੍ਰੋਜੈਕਟ ਦੇ ਤਹਿਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਹਿੰਦ ਰੋਡ ਸਥਿਤ ਸਟੋਰ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਸਟੋਰ ਵਿਚ ਵਸਤੂਆਂ ਦੀ ਵਿੱਕਰੀ ਅਤੇ ਖ਼ਰੀਦ ਦੀ ਪ੍ਰਕਿਰਿਆ ਨੂੰ ਨੇੜਿਉਂ ਦੇਖਿਆ | 'ਮਨੀ ਮੈਨੇਜਮੈਂਟ' ਦੇ ਸਿਧਾਂਤ ਨੂੰ ਸਮਝਾਉਣ ਲਈ ਸਕੂਲ ਵਲੋਂ ਹਰੇਕ ਵਿਦਿਆਰਥੀ ਨੂੰ 100 ਰੁਪਏ ਦਿੱਤੇ ਗਏ ਸਨ | ਵਿਦਿਆਰਥੀਆਂ ਨੇ ਸੀਮਤ ਬਜਟ ਦੇ ਅੰਦਰ ਆਪਣੀ ਪਸੰਦ ਤੇ ਲੋੜ ਅਨੁਸਾਰ ਵਸਤੂਆਂ ਦੀ ਚੋਣ ਕੀਤੀ, ਬਿੱਲ ਦਾ ਭੁਗਤਾਨ ਕੀਤਾ ਅਤੇ ਖ਼ਰੀਦਦਾਰੀ ਦੌਰਾਨ ਗਣਿਤ ਦੀਆਂ ਬਾਰੀਕੀਆਂ ਨੂੰ ਅਮਲੀ ਰੂਪ ਵਿਚ ਸਿੱਖਿਆ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਪੰਧੇਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ | ਸਾਡਾ ਮਕਸਦ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚਿਆਂ ਨੂੰ ਅਸਲ ਦੁਨੀਆ ਦੀਆਂ ਚੁਨੌਤੀਆਂ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਲਈ ਤਿਆਰ ਕਰਨਾ ਹੈ | ਵਿਦਿਆਰਥੀਆਂ ਨੇ ਇਸ ਨਿਵੇਕਲੇ ਤਜਰਬੇ ਦਾ ਭਰਪੂਰ ਆਨੰਦ ਮਾਣਿਆ ਅਤੇ ਇਸ ਮੌਕੇ ਪਿ੍ੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਦੌਰੇ ਨੇ ਬੱਚਿਆਂ ਨੂੰ ਜ਼ਿੰਮੇਵਾਰ ਖਪਤਕਾਰ ਬਣਨ ਅਤੇ ਪੈਸੇ ਦੀ ਅਹਿਮੀਅਤ ਸਮਝਣ ਵਿਚ ਮਦਦ ਕੀਤੀ |