ਪਟਿਆਲਾ, 19 ਦਸੰਬਰ (ਅ.ਸ. ਆਹਲੂਵਾਲੀਆ)-ਹਲਕਾ ਸਨੌਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ 4 ਅਤੇ ਬਲਾਕ ਸੰਮਤੀ ਦੇ 29 ਉਮੀਦਵਾਰਾਂ ਨੂੰ ਅੱਜ ਚੇਅਰਮੈਨ ਪੀ.ਆਰ.ਟੀ.ਸੀ. ਅਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਮਹਿਕਮੇ ਦੇ ਮੁੱਖ ਦਫ਼ਤਰ ਵਿਖੇ ਜਿੱਤ ਦੇ ਪ੍ਰਮਾਣ ਪੱਤਰ ਸੌਂਪੇ | ਇਸ ਮੌਕੇ ਜੇਤੂ ਉਮੀਦਵਾਰਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ | ਇਸ ਮੌਕੇ 29 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੋਂ ਇਲਾਵਾ ਕਈ ਪਾਰਟੀ ਅਹੁਦੇਦਾਰ ਅਤੇ ਵਰਕਰ ਵੀ ਮੌਜੂਦ ਸਨ | ਚੇਅਰਮੈਨ ਹਡਾਣਾ ਨੇ ਉਮੀਦਵਾਰਾਂ ਨੂੰ ਮੁਬਾਰਕਬਾਦ ਦੇਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਟੀਮ ਵਰਕ, ਜਨਤਾ ਦੇ ਭਰੋਸੇ ਅਤੇ ਇਮਾਨਦਾਰਰੀ ਨਾਲ ਪਾਰਟੀ ਪ੍ਰਤੀ ਪ੍ਰਚਾਰ ਦੀ ਕਾਮਯਾਬੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਮਿਹਨਤ, ਨਿਮਰਤਾ ਅਤੇ ਲੋਕਾਂ ਨਾਲ ਸਿੱਧੀ ਸੰਵਾਦ ਰਾਹੀਂ ਚੋਣਾਂ ਵਿਚ ਝੰਡੇ ਗੱਡੇ ਹਨ | ਲੋਕਾਂ ਨੇ ਵਿਕਾਸ, ਪਾਰਦਰਸ਼ਤਾ ਅਤੇ ਸਾਫ਼-ਸੁਥਰੀ ਰਾਜਨੀਤੀ ਦੇ ਏਜੰਡੇ ਨੂੰ ਸਮਰਥਨ ਦਿੱਤਾ ਹੈ | ਹਡਾਣਾ ਨੇ ਹੋਰ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਸੜਕਾਂ, ਗਲੀਆਂ, ਡਰੇਨਜ, ਪੀਣ ਵਾਲੇ ਪਾਣੀ, ਕਮਿਊਨਟੀ ਸੈਂਟਰਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਕੀਤੇ ਕੰਮਾਂ ਦਾ ਹੀ ਇਹ ਨਤੀਜਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਜੇਤੂ ਨੁਮਾਇੰਦੇ ਹੁਣ ਹੋਰ ਵੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਅਤੇ ਹਰ ਪਿੰਡ, ਹਰ ਵਰਗ ਦੀ ਆਵਾਜ਼ ਬਣਨਗੇ | ਸਮਾਰੋਹ ਦੌਰਾਨ ਜੇਤੂ ਉਮੀਦਵਾਰਾਂ ਨੇ ਕਿਹਾ ਕਿ ਉਹ ਆਪਣੇ ਖੇਤਰਾਂ ਵਿਚ ਵਿਕਾਸੀ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੇ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ | ਉਨ੍ਹਾਂ ਨੇ ਚੇਅਰਮੈਨ ਹਡਾਣਾ ਦੀ ਅਗਵਾਈ ਦੀ ਸਲਾਹਣਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਾਹਨੁਮਾਈ ਹੇਠ ਚੋਣ ਪ੍ਰਚਾਰ ਸੁਚੱਜਾ ਅਤੇ ਲੋਕ-ਕੇਂਦਰਿਤ ਰਿਹਾ | ਅੰਤ ਵਿਚ ਹਡਾਣਾ ਨੇ ਸਾਰੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਨਵੀਂ ਸ਼ੁਰੂਆਤ ਹੈ | ਆਉਣ ਵਾਲੇ ਸਮੇਂ ਵਿੱਚ ਹਲਕਾ ਸਨੌਰ ਨੂੰ ਵਿਕਾਸ ਦੇ ਨਵੇਂ ਮਾਪਦੰਡਾਂ 'ਤੇ ਲੈ ਜਾਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ |