ਪਟਿਆਲਾ, 19 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਤੋਂ ਆਪਣੇ ਚਾਰ ਜੇਤੂ ਰਹੇ ਉਮੀਦਵਾਰਾਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਏ ਚੋਣ ਨਤੀਜਿਆਂ ਨੇ ਸੱਤਾਧਾਰੀਆਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ | ਇਸ ਦੌਰਾਨ ਉਨ੍ਹਾਂ ਪੰਜਾਬ ਦੀਆਂ ਸਮੁੱਚੀਆਂ ਪੰਥਕ ਧਿਰਾਂ ਤੇ ਵੱਖਰੀ ਹੋਈ ਅਕਾਲੀ ਸ਼ਕਤੀ ਨੂੰ ਇਕਮੁੱਠ ਹੋਣ ਦਾ ਸੱਦਾ ਵੀ ਦਿੱਤਾ | ਉਨ੍ਹਾਂ ਆਖਿਆ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਇਹ ਪ੍ਰਤੱਖ ਹੈ ਕਿ ਜੇਕਰ ਅਕਾਲੀ ਅਤੇ ਪੰਥਕ ਧਿਰਾਂ ਇਕਜੁੱਟ ਹੋਣ ਤਾਂ ਪੰਜਾਬ ਵਿੱਚ ਕੋਈ ਵੀ ਬਾਹਰੀ ਪਾਰਟੀ ਸੂਬੇ ਤੇ ਰਾਜ ਕਰਨ ਬਾਰੇ ਸੋਚ ਵੀ ਨਹੀਂ ਸਕੇਗੀ | ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਹ ਸਾਬਤ ਕਰਦੇ ਹਨ ਕਿ ਪੰਜਾਬ ਦੇ ਲੋਕਾਂ ਨੇ 'ਆਪ' ਦੀ ਸਿਆਸਤ ਨੂੰ ਮੁੱਢੋਂ ਹੀ ਨਕਾਰ ਦਿੱਤਾ ਹੈ | ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਹ ਸਾਬਤ ਕਰਦੇ ਹਨ ਜੇਕਰ ਪੂਰੀਆਂ ਪੰਥਕ ਧਿਰਾਂ ਤੇ ਅਕਾਲੀ ਸਿਆਸਤ ਇਕ ਮੰਚ 'ਤੇ ਆ ਕੇ ਇਹ ਚੋਣਾਂ ਲੜਦੀ ਤਾਂ ਪੂਰੇ ਪੰਜਾਬ ਵਿਚ ਨਤੀਜੇ ਕੁਝ ਹੋਰ ਹੀ ਹੋਣੇ ਸਨ | ਅਖੀਰ 'ਚ ਉਨ੍ਹਾਂ ਵਿਧਾਨ ਸਭਾ ਹਲਕਾ ਸਨੌਰ ਤੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜਿੱਤੇ ਹੋਏ ਸਮੁੱਚੇ ਉਮੀਦਵਾਰਾਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੰਦਿਆਂ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਾਕ ਸੰਮਤੀ ਚੌਰਾ ਤੋਂ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਸਰਪੰਚ, ਲਲੀਨਾ ਜ਼ੋਨ ਤੋਂ ਪ੍ਰਗਟ ਸਿੰਘ, ਮਹਾਦੀਪੁਰ ਤੋਂ ਹਰਵਿੰਦਰ ਸਿੰਘ, ਬੁੱਧਮੋਰ ਤੋਂ ਬੀਬੀ ਲਾਭ ਕੌਰ ਪਤਨੀ ਕਰਮ ਸਿੰਘ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਕੁਲਵਿੰਦਰ ਸਿੰਘ ਭੁਨਰਹੇੜੀ, ਬਲਵਿੰਦਰ ਸਿੰਘ ਕਰਹੇੜੀ, ਗੁਰਦੀਪ ਸਿੰਘ ਸ਼ੇਖਪੁਰਾ, ਗੁਰਚਰਨ ਸਿੰਘ ਕੌਲੀ ਪ੍ਰੇਮ ਸਿੰਘ ਸਵਾਇਆਵਾਲਾ, ਗੁਰਜੰਟ ਸਿੰਘ ਨੂਰਖੇੜੀਆਂ, ਜਗਜੀਤ ਸਿੰਘ ਡੰਡੋਆ, ਪੂਜਾ ਰਾਣੀ ਕਰਹੇੜੀ ਤੇ ਹੋਰ ਹਾਜ਼ਰ ਸਨ |