ਨਾਭਾ, 21 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ, ਜਿਸ ਤਹਿਤ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਦੁਲੱਦੀ ਵਿਖੇ ਸ਼ਹੀਦ ਪਿਆਰਾ ਸਿੰਘ ਦੀ ਯਾਦ ਵਿਚ ਯਾਦਗਾਰੀ ਗੇਟ ਬਣਾਇਆ ਗਿਆ, ਇਸ ਗੇਟ 'ਤੇ ਤਕਰੀਬਨ 10 ਲੱਖ ਰੁਪਿਆ ਖ਼ਰਚ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਉਪਰੰਤ ਕੀਤਾ | ਉਨ੍ਹਾਂ ਦੱਸਿਆ ਵੀ ਪੰਜਾਬ ਸਰਕਾਰ ਦੇ ਪੰਚਾਇਤੀ ਰਾਜ ਵਿਭਾਗ ਵਲੋਂ ਇਹ ਗੇਟ ਬਣਾਇਆ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਪਿਆਰਾ ਸਿੰਘ 2 ਨਵੰਬਰ 1965 ਨੂੰ ਜੰਗ ਵਿਚ ਸ਼ਹੀਦ ਹੋ ਗਏ ਸਨ | ਉਨ੍ਹਾਂ ਕਿਹਾ ਕਿ ਹਲਕੇ ਦੇ ਹੋਰ ਵੀ ਪਰਿਵਾਰਾਂ ਵਲੋਂ ਜੇ ਕੋਈ ਮੰਗ ਹੋਵੇਗੀ ਤਾਂ ਉਸ ਨੂੰ ਵੀ ਪੰਜਾਬ ਸਰਕਾਰ ਵਲੋਂ ਪੂਰਾ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹੀਦ ਪਿਆਰਾ ਸਿੰਘ ਦੀ ਪਤਨੀ ਬੰਤ ਕੌਰ, ਉਨ੍ਹਾਂ ਦਾ ਪੁੱਤਰ ਗੁਰਸੇਵਕ ਸਿੰਘ, ਸੂਬੇਦਾਰ ਬਿੱਕਰ ਸਿੰਘ, ਕੈਪਟਨ ਧਰਮ ਸਿੰਘ, ਕੈਪਟਨ ਗੁਰਜੰਟ ਸਿੰਘ, ਅਵਤਾਰ ਸਿੰਘ ਨੀਟਾ, 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ, ਧਰਮਿੰਦਰ ਸਿੰਘ ਸੁੱਖੇਵਾਲ, ਰਾਜ ਕੁਮਾਰ ਸੋਲਾਂਕੀ, ਜਸਵੀਰ ਸਿੰਘ ਵਜੀਦਪੁਰ, ਅਮਰੀਕ ਸਿੰਘ, ਸੁਖਦੀਪ ਸਿੰਘ ਖਹਿਰਾ, ਜਸਵੀਰ ਜੱਸਾ ਦੁਲੱਦੀ, ਜੰਗ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |