ਘਰ ਦੇ ਬਾਹਰ ਖੜ੍ਹੀਆਂ ਦੋ ਕਾਰਾਂ ਚੋਰੀ
ਅਜੀਤ ਡੈਸਕ
22-12-2025
ਰਾਜਪੁਰਾ, 21 ਦਸੰਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਵਿਚ ਚੋਰਾਂ ਦਾ ਆਤੰਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ | ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ | ਜਾਣਕਾਰੀ ਮੁਤਾਬਿਕ ਪੰਜੀਰੀ ਪਲਾਂਟ ਦੇ ਕੋਲ ਰਹਿਣ ਵਾਲੇ ਆੜ੍ਹਤੀ ਰਾਮੇਸ਼ ਕੁਮਾਰ ਪਾਹੂਜਾ ਨੇ ਦੱਸਿਆ ਕਿ ਉਸ ਦੀ ਆਈ 20 ਕਾਰ ਚੋਰੀ ਕਰ ਲਈ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ ਵਾਂਗ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ | ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਦੇ ਪੈਰਾਂ ਹੇਠ ਤੋਂ ਜ਼ਮੀਨ ਖਿਸਕ ਗਈ ਕਿਉਂਕਿ ਘਰ ਦੇ ਬਾਹਰ ਕਾਰ ਨਹੀਂ ਸੀ | ਚੋਰ ਦੀ ਪੂਰੀ ਕਾਰਵਾਈ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਮੁਤਾਬਿਕ ਸਵੇਰੇ ਕਰੀਬ 4 ਵਜ ਕੇ 38 ਮਿੰਟ 'ਤੇ ਚੋਰ ਇਕ ਹੋਰ ਕਾਰ ਵਿਚੋਂ ਉਤਰ ਕੇ ਰਾਮੇਸ਼ ਪਾਹੂਜਾ ਦੀ ਕਾਰ ਦੇ ਕੋਲ ਆਇਆ | ਉਸ ਨੇ ਕਿਸੇ ਚੀਜ਼ ਨਾਲ ਕਾਰ ਦੀ ਖਿੜਕੀ ਖੋਲੀ ਅਤੇ ਕਾਰ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਤਰ੍ਹਾਂ ਦੋ ਮਿੰਟ ਵਿਚ ਹੀ ਚੋਰ ਕਾਰ ਚੋਰੀ ਕਰਕੇ ਲੈ ਗਿਆ | ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ | ਇਸੇ ਤਰ੍ਹਾਂ ਇਕ ਹੋਰ ਵਾਰਦਾਤ ਵਿਚ ਵਿਜੇ ਕੁਮਾਰ ਪੁੱਤਰ ਗੁਰਦਿੱਤਾ ਰਾਮ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ | ਉਸ ਦੀ ਕਾਰ ਚੋਰੀ ਹੋ ਗਈ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |