ਪਟਿਆਲਾ, 22 ਦਸੰਬਰ (ਅ.ਸ. ਆਹਲੂਵਾਲੀਆ)-ਸ਼ਹਿਰ ਵਿਚ ਲੋਕਾਂ ਨੂੰ ਸੁਚੱਜੀ ਅਤੇ ਨਿਰੰਤਰ ਪਾਣੀ ਸਪਲਾਈ ਯਕੀਨੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਨਹਿਰੂ ਪਾਰਕ ਨੇੜੇ ਪੁਰਾਣਾ ਬੱਸ ਅੱਡਾ ਵਿਖੇ ਵਾਟਰ ਸਪਲਾਈ ਸਟਾਫ਼ ਤੇ ਸਫ਼ਾਈ ਸੇਵਕਾਂ ਦੀ ਹਾਜ਼ਰੀ ਰਜਿਸਟਰ ਅਤੇ ਹੋਰਨਾਂ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ | ਚੈਕਿੰਗ ਦੌਰਾਨ ਸਪਸ਼ਟ ਕੀਤਾ ਕਿ ਸ਼ਹਿਰ ਦੇ ਨਾਗਰਿਕਾਂ ਨੂੰ ਸਾਫ਼ ਅਤੇ ਸਮੇਂ 'ਤੇ ਪਾਣੀ ਮਿਲਣਾ, ਇਲਾਕਿਆਂ ਦੀ ਨਿਰੰਤਰ ਸਫ਼ਾਈ ਨਗਰ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ | ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗੈਰ ਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਨੇ ਹਾਜ਼ਰੀ ਰਜਿਸਟਰ ਦੀ ਜਾਂਚ ਕਰਦਿਆਂ ਮੁਲਾਜ਼ਮਾਂ ਦੀ ਸੰਪੂਰਨ ਹਾਜ਼ਰੀ ਖ਼ੁਸ਼ੀ ਪ੍ਰਗਟਾਈ | ਮੇਅਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਹੁਕਮ ਵੀ ਦਿੱਤੇ ਕਿ ਵਾਟਰ ਸਪਲਾਈ ਨਾਲ ਜੁੜੇ ਹਰ ਪੱਕੇ ਅਤੇ ਕੱਚੇ ਮੁਲਾਜ਼ਮ ਦੀ ਰੋਜ਼ਾਨਾ ਹਾਜ਼ਰੀ ਸਖ਼ਤੀ ਨਾਲ ਦਰਜ ਕੀਤੀ ਜਾਵੇ ਅਤੇ ਬਿਨਾਂ ਵਜ੍ਹਾ ਗ਼ੈਰਹਾਜ਼ਰ ਰਹਿਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ |