ਪਟਿਆਲਾ, 22 ਦਸਬੰਰ (ਅ.ਸ. ਆਹਲੂਵਾਲੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਵਲੋਂ ਲੋਕ ਹਿਤੈਸ਼ੀ ਸਕੀਮ ਵਿਕਸਿਤ ਭਾਰਤ ਜੀ ਰਾਮ ਜੀ ਦਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਇਹ ਕਾਨੂੰਨ ਪਾਸ ਕਰਵਾਇਆ ਗਿਆ ਹੈ, ਜਿਸ ਅਨੁਸਾਰ ਪਿੰਡਾਂ 'ਚ ਰਹਿ ਰਹੇ ਲੋਕਾਂ ਨੂੰ ਪੱਕੇ ਤੌਰ 'ਤੇ 125 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ | ਜੋ ਕਿ ਪਿਛਲੀ ਕਾਂਗਰਸ ਸਰਕਾਰ ਦੇ 100 ਦਿਨਾਂ ਤੋਂ 25 ਦਿਨ ਵੱਧ ਹੈ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਐਡ. ਗੁਰਵਿੰਦਰ ਕਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਪਟਿਆਲਾ ਕਾਂਗਰਸ ਵਲੋਂ ਇਸ ਬਿੱਲ ਦੇ ਵਿਰੋਧ 'ਚ ਬੇਮਤਲਬ ਧਰਨਾ ਲਗਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ ਜਦੋਂ ਕਿ ਇਹ ਬਿੱਲ ਸੌ ਫ਼ੀਸਦੀ ਲੋਕ ਹਿਤੈਸ਼ੀ ਹੈ | ਇਸ 'ਚ ਮੋਦੀ ਸਰਕਾਰ ਦਾ ਇਹ ਤਰਕ ਹੈ ਕਿ ਇਸ ਕਾਨੂੰਨ ਨਾਲ ਪੇਂਡੂ ਖੇਤਰਾਂ 'ਚ ਰੁਜ਼ਗਾਰ ਦੀ ਗਰੰਟੀ ਹੋਰ ਮਜ਼ਬੂਤ ਹੋ ਜਾਵੇਗੀ ਅਤੇ ਇਹ ਨਵਾਂ ਕਾਨੂੰਨ ਮਨਰੇਗਾ ਦੀਆਂ ਪਿਛਲੀਆਂ ਕਮੀਆਂ ਨੂੰ ਦੂਰ ਕਰੇਗਾ, ਜਿਸ ਅਨੁਸਾਰ ਧਾਰਾ 5(3) ਦੇ ਤਹਿਤ ਕੰਮ ਖ਼ਤਮ ਹੋਣ ਦੇ 15 ਦਿਨ ਦੇ ਅੰਦਰ-ਅੰਦਰ ਭੁਗਤਾਨ ਮਜ਼ਦੂਰੀ ਕਾਮਿਆਂ ਨੂੰ ਕਰਨਾ ਲਾਜ਼ਮੀ ਬਣਾਉਂਦਾ ਹੈ ਅਤੇ ਦੇਰ ਹੋਣ 'ਤੇ ਉਸ ਦਾ ਵੀ ਮੁਆਵਜ਼ਾ ਦੇਣ ਦਾ ਹੱਕ ਵੀ ਦੁਆਉਂਦਾ ਹੈ | ਇਸ ਨਵੇਂ ਕਾਨੂੰਨ ਨਾਲ ਪੇਂਡੂ ਖੇਤਰਾਂ 'ਚ ਕੰਮ ਕਰਨ ਵਾਲਿਆਂ ਮਜ਼ਦੂਰਾਂ ਨੂੰ ਪੱਕੀ ਆਮਦਨ ਅਤੇ ਕੰਮ ਦੀ ਗਰੰਟੀ ਮਿਲੇਗੀ, ਜਿਸ ਨਾਲ ਉਹ ਆਪਣੇ ਪਰਿਵਾਰਿਕ ਮੈਂਬਰਾਂ ਦਾ ਸਹੀ ਤਰੀਕੇ ਨਾਲ ਪਾਲਨ ਪੋਸ਼ਣ ਕਰ ਸਕਣਗੇ |