ਦੇਵੀਗੜ੍ਹ, 27 ਦਸੰਬਰ (ਰਾਜਿੰਦਰ ਸਿੰਘ ਮੌਜੀ)-ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਮਸੀਂਗਣ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਮਾਨਵਤਾ ਪੱਖੀ ਕਦਮ ਉਠਾਉਂਦਿਆਂ ਇੱਕ ਲੋੜਵੰਦ ਪਰਿਵਾਰ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ | ਬੈਂਕ ਦੇ ਮੈਨੇਜਰ ਗੁਰਚਰਨ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਮਿ੍ਤਕ ਬਿੰਦਰ ਖਾਨ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ | ਉਨ੍ਹਾਂ ਦੱਸਿਆ ਕਿ ਲਾਭਪਾਤਰੀ ਬਿੰਦਰ ਖਾਨ ਬੈਂਕ ਦਾ ਇਕ ਜਾਗਰੂਕ ਗਾਹਕ ਸੀ, ਜਿਸ ਨੇ ਆਪਣੀ ਜੀਵਨ ਸੁਰੱਖਿਆ ਲਈ ਬੈਂਕ ਰਾਹੀਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦਾ ਬੀਮਾ ਕਰਵਾਇਆ ਹੋਇਆ ਸੀ | ਬਿੰਦਰ ਖਾਨ ਦੀ ਬੇਵਕਤੀ ਮੌਤ ਤੋਂ ਬਾਅਦ, ਬੈਂਕ ਸਟਾਫ ਨੇ ਤੁਰੰਤ ਕਾਰਵਾਈ ਕਰਦਿਆਂ ਕਲੇਮ ਦੇ ਦਸਤਾਵੇਜ਼ ਮੁਕੰਮਲ ਕੀਤੇ | ਅੱਜ ਇਹ 2 ਲੱਖ ਰੁਪਏ ਦੀ ਰਾਸ਼ੀ ਮਿ੍ਤਕ ਦੀ ਪਤਨੀ ਨੂੰ ਸੌਂਪੀ ਗਈ ਹੈ ਤਾਂ ਜੋ ਪਰਿਵਾਰ ਨੂੰ ਇਸ ਮੁਸ਼ਕਿਲ ਘੜੀ ਵਿੱਚ ਆਰਥਿਕ ਸਹਾਰਾ ਮਿਲ ਸਕੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਪੰਚ ਮੁਖਮਿੰਦਰ ਸਿੰਘ ਨੇ ਬੈਂਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਆਮ ਲੋਕਾਂ ਲਈ ਵਰਦਾਨ ਸਾਬਤ ਹੁੰਦੀਆਂ ਹਨ | ਸਾਨੂੰ ਉਨ੍ਹਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ | ਇਸ ਸਮੇਂ ਪੰਚ ਸਤਨਾਮ ਸਿੰਘ, ਹਰਵਿੰਦਰ ਸਿੰਘ ਨੰਬਰਦਾਰ ਤੇ ਪੰਜਾਬ ਨੈਸ਼ਨਲ ਬੈਂਕ ਦੇ ਰਿਟਾਇਰਡ ਸਟਾਫ ਮੈਂਬਰ ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਨੂੰ ਅਜਿਹੀਆਂ ਬੀਮਾ ਯੋਜਨਾਵਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਬੈਂਕ ਸਟਾਫ ਨੇ ਸਮੂਹ ਗਾਹਕਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੈਂਕ ਦੀਆਂ ਵੱਖ-ਵੱਖ ਬੀਮਾ ਯੋਜਨਾਵਾਂ, ਜਿਵੇਂ ਕਿ ਅਟਲ ਪੈਨਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ | ਉਨ੍ਹਾਂ ਕਿਹਾ ਕਿ ਬਹੁਤ ਹੀ ਘੱਟ ਸਾਲਾਨਾ ਕਿਸ਼ਤ 'ਤੇ ਇਹ ਬੀਮਾ ਯੋਜਨਾਵਾਂ ਕਿਸੇ ਵੀ ਅਣਸੁਖਾਵੀਂ ਘਟਨਾ ਵੇਲੇ ਪਰਿਵਾਰ ਲਈ ਵੱਡੀ ਮਦਦਗਾਰ ਬਣਦੀਆਂ ਹਨ | ਇਸ ਮੌਕੇ ਬੈਂਕ ਦਾ ਸਮੂਹ ਸਟਾਫ, ਪਿੰਡ ਦੇ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਵਿੱਚ ਬੈਂਕ ਗਾਹਕ ਹਾਜ਼ਰ ਸਨ | ਪੀੜਤ ਪਰਿਵਾਰ ਨੇ ਬੈਂਕ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਪਾਲ ਸਿੰਘ, ਮੈਡਮ ਸੰਧਿਆ, ਗੁਰਪ੍ਰੀਤ ਸਿੰਘ ਬੈਂਕ ਅਧਿਕਾਰੀ ਅਤੇ ਸਤਨਾਮ ਸਿੰਘ, ਨਰੇਸ਼ ਕੁਮਾਰ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ |