ਘਨੌਰ, 28 ਦਸੰਬਰ (ਸਰਦਾਰਾ ਸਿੰਘ ਲਾਛੜੂ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ, ਕਸਬਾ ਘਨੌਰ ਦੀਆਂ ਸੰਗਤਾਂ, ਸਮੂਹ ਮਾਰਕੀਟ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਸਹਿਤ ਸ਼ਿਰਕਤ ਕੀਤੀ | ਇਸ ਸੇਵਾ ਕਾਰਜ ਵਿਚ ਸਮਾਜ ਸੇਵੀ ਬੱਬਲਾ ਸਰਾਲਾ, ਜੱਗੀ ਸੌਂਟਾ, ਭਾਨਾ ਘਨੌਰ, ਬਿੱਟੂ ਪ੍ਰਧਾਨ ਅਤੇ ਹੋਰ ਪ੍ਰਬੰਧਕਾਂ ਨੇ ਅਹਿਮ ਭੂਮਿਕਾ ਨਿਭਾਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਸ਼ਵ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਬੇਮਿਸਾਲ ਕੁਰਬਾਨੀ ਹੈ | ਸਾਡਾ ਮਕਸਦ ਇਸ ਮਹਾਨ ਵਿਰਾਸਤ ਨੂੰ ਯਾਦ ਕਰਨਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ | ਉਨ੍ਹਾਂ ਦੱਸਿਆ ਕਿ ਇਹ ਸੇਵਾ ਹਰ ਸਾਲ ਸਮੂਹ ਡਰਾਈਵਰ ਭਰਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਸੱਚ ਅਤੇ ਧਰਮ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਲੈਣ | ਇਸ ਮੌਕੇ ਗੋਗਾ ਸਿਆਲੂ, ਪਾਲ ਬਾਬਾ, ਜੁਗਲ ਘਨੌਰ, ਗਿੰਦਾ ਮਿਸਤਰੀ, ਬਿੰਦਰ, ਸੋਨੂੰ ਬੁੱਟਰ, ਟੋਨੀ ਚੰਬਲ, ਪੰਮਾ ਕਾਮੀ, ਉੱਤਮ ਸ਼ਰਮਾ, ਦਵਿੰਦਰ ਸੋਨੂੰ, ਭਾਉ ਮਿਸਤਰੀ ਅਤੇ ਜੱਸੀ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ | ਅੰਤ ਵਿਚ ਸਮੁੱਚੇ ਪ੍ਰਬੰਧਕਾਂ ਵਲੋਂ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |