ਨਾਭਾ, 29 ਦਸੰਬਰ (ਜਗਨਾਰ ਸਿੰਘ ਦੁਲੱਦੀ)-ਡੈਮੋਕਰੈਟਿਕ ਮਨਰੇਗਾ ਫ਼ਰੰਟ (ਡੀ.ਐੱਮ.ਐੱਫ.) ਪੰਜਾਬ ਦੀ ਬਲਾਕ ਕਮੇਟੀ ਵਲੋਂ ਸਥਾਨਕ ਐੱਸ.ਡੀ.ਐੱਮ. ਦਫ਼ਤਰ ਬਾਹਰ ਮਨਰੇਗਾ ਖ਼ਤਮ ਕਰਕੇ ਵੀ ਬੀ ਜੀ ਰਾਮ ਜੀ ਕਾਨੂੰਨ ਬਣਾਉਣ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ | ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਡੀ.ਐੱਮ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੁਹਾ, ਆਈ.ਡੀ.ਪੀ. ਦੇ ਆਗੂ ਦਰਸ਼ਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਵੀ ਬੀ ਜੀ ਰਾਮ ਜੀ ਬਣਾ ਕੇ ਗਰੀਬ ਲੋਕਾਂ ਦੇ ਰਿਜ਼ਕ ਉਪਰ ਵੱਡਾ ਹਮਲਾ ਕੀਤਾ ਹੈ | ਡੀ.ਐੱਮ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਕੁਲਵੰਤ ਕੌਰ ਥੂਹੀ, ਸੁਨੀਤਾ ਰਾਣੀ ਕੈਦੂਪੁਰ, ਕਿ੍ਸ਼ਨ ਸਿੰਘ ਲੁਬਾਣਾ ਆਦਿ ਨੇ ਕਿਹਾ ਕਿ ਮੰਗ ਆਧਾਰਤ ਗਰੰਟੀ ਨੂੰ ਸਪਲਾਈ ਆਧਾਰਤ ਗਰੰਟੀ ਬਣਾਉਣ ਦਾ ਮਤਲਬ ਆਯੂਸ਼ਮਾਨ ਬੀਮੇ ਵਰਗਾ ਹੈ ਜਿੱਥੇ ਸਰਕਾਰ ਮਸ਼ਹੂਰੀਆਂ 'ਚ ਤਾਂ ਝੂਠੇ ਦਾਅਵੇ ਕਰਦੀ ਹੈ ਕਿ ਸਭ ਨੂੰ ਅਸੀਂ ਪੰਜ ਲੱਖ ਦਾ ਮੁਫ਼ਤ ਇਲਾਜ ਦੇ ਦਿੱਤਾ ਪਰ ਬਹੁਤੀ ਵਾਰੀ ਉਹ ਕਾਰਡ ਚੱਲਦਾ ਹੀ ਨਹੀਂ ਕਿਉਂਕਿ ਭਾਰਤ ਸਰਕਾਰ ਵਲੋਂ ਤੈਅ ਕੀਤੇ ਪੈਸੇ ਪਾਉਣ ਮਗਰੋਂ ਉਸ ਨੂੰ ਲਾਵਾਰਸ ਛੱਡ ਦਿੰਦੀ ਹੈ | ਉਸੇ ਤਰੀਕੇ ਜੀ ਰਾਮ ਜੀ ਸਕੀਮ ਵੀ ਪਿੰਡ ਤੇ ਮਜ਼ਦੂਰ ਦੀ ਮੰਗ ਨੂੰ ਕੇਂਦਰ ਚ ਰੱਖਣ ਦੀ ਥਾਂ ਭਾਰਤ ਸਰਕਾਰ ਨੂੰ ਕੇਂਦਰ 'ਚ ਰੱਖਦਾ ਹੈ ਤੇ ਇਕ ਵਾਰੀ ਨਿਰਧਾਰਿਤ ਕੀਤੇ ਪੈਸੇ ਮਗਰੋਂ ਹੱਥ ਖੜ੍ਹਾ ਕਰ ਦਿੱਤਾ ਜਾਵੇਗਾ | ਡੈਮੋਕਰੇਟ ਮਨਰੇਗਾ ਫ਼ਰੰਟ ਵਲੋਂ ਰਾਸ਼ਟਰਪਤੀ ਦੇ ਨਾਮ ਅੱੈਸ.ਡੀ.ਐੱਮ. ਕੰਨੂ ਗਰਗ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਰਾਜ ਕੌਰ ਥੂਹੀ, ਆਈ.ਡੀ.ਪੀ. ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਰਾਜਪੁਰਾ, ਚਮਕੌਰ ਸਿੰਘ, ਹਰਪਾਲ ਕੌਰ ਟਿੱਬੀ, ਲਖਬੀਰ ਸਿੰਘ ਲਾਡੀ, ਸੁਖਵਿੰਦਰ ਕੌਰ ਨੌਹਰਾ, ਜਸਪ੍ਰੀਤ ਕੌਰ ਲੋਪੇ, ਰੁਖਸਾਨਾ ਸਾਧੋਹੇੜੀ, ਕਰਮਜੀਤ ਕੌਰ ਬਨੇਰਾ, ਸੁਖਵਿੰਦਰ ਕੌਰ ਨਰਮਾਣਾ, ਕੇਵਲ ਸਿੰਘ ਕੋਟ, ਅਵਤਾਰ ਸਿੰਘ ਅਗੇਤੀ ਗੁਰਦਿਆਲ ਸਿੰਘ ਅੱਚਲ ਨੇ ਵੀ ਸ਼ਮੂਲੀਅਤ ਕੀਤੀ |