ਪਟਿਆਲਾ, 29 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਮਾਜ ਸੇਵਕ ਜਸਪ੍ਰੀਤ ਸਿੰਘ ਭਾਟੀਆ ਨੇ ਭਾਜਪਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾਉਣ ਦੇ ਮਾਮਲੇ ਨੂੰ ਲੈ ਕੇ ਭਾਰੀ ਰੋਸ ਜਤਾਉਂਦਿਆਂ ਆਖਿਆ ਕਿ ਇਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾ ਕੇ ਸ਼ਹੀਦਾਂ ਦਾ ਮਜ਼ਾਕ ਬਣਾਇਆ ਗਿਆ ਹੈ | ਉਨ੍ਹਾਂ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਕੁਰਬਾਨੀ ਹੈ ਅਤੇ ਇਸ ਨੂੰ ਕਾਰਟੂਨ ਦੇ ਰੂਪ ਵਿਚ ਦਰਸਾਉਣਾ ਸਿੱਖ ਕੌਮ ਦੇ ਧਾਰਮਿਕ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕੀਤੀ ਇਹ ਕਾਰਵਾਈ ਨਾ ਸਿਰਫ਼ ਸ਼ਹੀਦਾਂ ਦਾ ਮਜ਼ਾਕ ਹੈ, ਸਗੋਂ ਪੂਰੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ | ਉਨ੍ਹਾਂ ਮੰਗ ਕੀਤੀ ਕਿ ਭਾਜਪਾ ਤੁਰੰਤ ਇਸ ਮਾਮਲੇ 'ਚ ਸਿੱਖ ਕੌਮ ਤੋਂ ਮਾਫ਼ੀ ਮੰਗੇ ਤੇ ਅਜਿਹੀ ਸਮਗਰੀ ਨੂੰ ਹਰ ਜਗ੍ਹਾ ਤੋਂ ਹਟਾਇਆ ਜਾਵੇ | ਸ. ਭਾਟੀਆ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ 'ਤੇ ਜਲਦੀ ਕਾਰਵਾਈ ਨਾ ਹੋਈ ਤਾਂ ਸਿੱਖ ਸੰਗਠਨ ਮਜਬੂਰ ਹੇ ਕੇ ਤਿੱਖਾ ਅੰਦੋਲਨ ਕਰਨਗੇ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ |