ਪਟਿਆਲਾ, 29 ਦਸੰਬਰ (ਅ.ਸ. ਆਹਲੂਵਾਲੀਆ)-ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਮੁਕਤ ਅਤੇ ਹਰਾ-ਭਰਾ ਬਣਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਦਿਆਂ ਨਗਰ ਨਿਗਮ ਪਟਿਆਲਾ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਸਿੰਗਲ-ਯੂਜ ਪਲਾਸਟਿਕ ਦੇ ਇਸਤੇਮਾਲ ਅਤੇ ਵਿਕਰੀ ਖ਼ਿਲਾਫ਼ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਸ਼ਹਿਰ 'ਚ ਪਲਾਸਟਿਕ ਪ੍ਰਦੂਸ਼ਣ ਰੋਕਣਾ ਅਤੇ ਲੋਕਾਂ ਨੂੰ ਵਾਤਾਵਰਣ-ਮਿਤਰ ਵਿਕਲਪਾਂ ਵੱਲ ਪ੍ਰੇਰਿਤ ਕਰਨਾ ਸੀ | ਦੱਸਣਯੋਗ ਹੈ ਕਿ ਚੈਕਿੰਗ ਦੌਰਾਨ ਵੱਖ-ਵੱਖ ਬਾਜ਼ਾਰਾਂ ਅਤੇ ਵਪਾਰਿਕ ਖੇਤਰਾਂ 'ਚ ਸਿੰਗਲ-ਯੂਜ ਪਲਾਸਟਿਕ ਦੇ ਇਸਤੇਮਾਲ, ਸਟੋਰੇਜ ਅਤੇ ਵਿਕਰੀ ਦੀ ਜਾਂਚ ਕੀਤੀ ਗਈ | ਨਿਗਮ ਟੀਮ ਵਲੋਂ ਗ਼ੈਰ-ਕਾਨੂੰਨੀ ਤੌਰ 'ਤੇ ਪਲਾਸਟਿਕ ਸਮਗਰੀ ਰੱਖਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੁਲ 9 ਚਾਲਾਨ ਜਾਰੀ ਕੀਤੇ ਗਏ | ਇਸ ਮੌਕੇ ਨਿਗਮ ਅਧਿਕਾਰੀ ਇੰਸਪੈਕਟਰ ਮੋਹਿਤ ਜਿੰਦਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਜਨਲ ਆਫ਼ਿਸ ਪਟਿਆਲਾ ਤੋਂ ਇੰਜ. ਦਵਿੰਦਰ ਸਿੰਘ ਜੇ.ਈ. ਅਤੇ ਇੰਜ. ਰਵੀ ਕੁਮਾਰ ਜੇ.ਈ. ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |