ਸਨੌਰ, 30 ਦਸੰਬਰ (ਸੋਖਲ)-ਮਨਰੇਗਾ ਸਕੀਮ ਨੂੰ ਬੰਦ ਕਰਨ ਸੰਬੰਧੀ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਹਲਕਾ ਸਨੌਰ ਦੇ ਕਾਂਗਰਸੀ ਆਗੂਆਂ 'ਚ ਭਾਰੀ ਰੋਸ ਪ੍ਰਗਟਾਇਆ ਗਿਆ ਹੈ | ਇਸ ਦੇ ਸੰਬੰਧ 'ਚ ਜਸਵਿੰਦਰ ਸਿੰਘ ਕਾਕਾ ਜਵੈਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮਨਰੇਗਾ ਸਕੀਮ ਪਿੰਡਾਂ ਦੇ ਗ਼ਰੀਬਾਂ, ਮਜ਼ਦੂਰਾਂ ਅਤੇ ਦਿਹਾੜੀਦਾਰਾਂ ਲਈ ਜੀਵਨ-ਰੇਖਾ ਸੀ, ਜਿਸ ਨੂੰ ਖ਼ਤਮ ਕਰਨਾ ਪਿੰਡਾਂ ਦੀ ਆਰਥਿਕ ਰੀੜ੍ਹ ਤੋੜਨ ਦੇ ਸਮਾਨ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ 'ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਰੋਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ | ਅਜਿਹੀ ਸਥਿਤੀ 'ਚ ਮਨਰੇਗਾ ਵਰਗੀ ਯੋਜਨਾ ਰਾਹੀਂ ਮਿਲਣ ਵਾਲੀ ਰੋਜੀ-ਰੋਟੀ ਨੇ ਲੱਖਾਂ ਪਰਿਵਾਰਾਂ ਨੂੰ ਸੰਭਾਲਿਆ ਹੋਇਆ ਸੀ | ਇਹ ਸਕੀਮ ਸਿਰਫ ਰੋਜ਼ਗਾਰ ਹੀ ਨਹੀਂ, ਸਗੋਂ ਪਿੰਡਾਂ ਦੇ ਵਿਕਾਸ ਲਈ ਵੀ ਬੁਨਿਆਦੀ ਅਹਿਮੀਅਤ ਰੱਖਦੀ ਸੀ | ਜਸਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਮਨਰੇਗਾ ਦੀ ਸ਼ੁਰੂਆਤ ਕਰਕੇ ਗ਼ਰੀਬਾਂ ਨੂੰ ਕੰਮ ਦੇ ਹੱਕ ਦੀ ਗਾਰੰਟੀ ਦਿੱਤੀ ਗਈ ਸੀ | ਇਸ ਨਾਲ ਪਿੰਡਾਂ 'ਚ ਸੜਕਾਂ, ਨਾਲੀਆਂ, ਪਾਣੀ ਦੇ ਸਰੋਤ ਅਤੇ ਹੋਰ ਲੋਕ-ਹਿਤੈਸ਼ੀ ਕੰਮ ਹੋਏ, ਜਿਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲਿਆ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਤੁਰੰਤ ਮੁੜ ਬਹਾਲ ਕੀਤਾ ਜਾਵੇ | ਇਸ ਮੌਕੇ ਗੁਰਮੇਲ ਸਿੰਘ ਹਰੀਗੜ੍ਹ, ਧਰਮ ਸਿੰਘ ਸੂਬੇਦਾਰ ਤਾਜਲਪੁਰ, ਤਾਰਾ ਚੰਦ ਮਾਲੀਮਾਜਰਾ, ਵਿਜੇ ਮਿੱਤਲ, ਸੋਨੂੰ ਅਤੇ ਗਗਨ ਮੌਜੂਦ ਸਨ |