ਸ੍ਰੀ ਮੁਕਤਸਰ ਸਾਹਿਬ, 31 ਮਈ (ਸੁਖਪਾਲ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਜੋ ਮੌੜ ਸੀਵਰੇਜ ਪਾਇਪ ਲਾਈਨ ਬਠਿੰਡਾ ਰੋਡ ਦੇ ਨਾਲ ਨਾਲ ਪਾਈ ਜਾ ਰਹੀ ਹੈ ਜੋ ਕਿ ਅੱਗੇ ਕੋਟਫੱਤਾ ਲਸਾੜਾ ਡਰੇਨ 'ਚ ਇਸ ਪਾਇਪ ਲਾਈਨ ਰਾਹੀਂ ਸੀਵਰੇਜ ਦਾ ਪਾਣੀ ਪੈਣਾ ਹੈ, ਪਰੰਤੂ ਇਸ ਪਾਇਪ ਲਾਈਨ ਨੂੰ ਸਿਆਸੀ ਕੜੀ ਤਹਿਤ ਮੌਜੂਦਾ ਹਲਕੇ ਦੇ ਸੱਤਾਧਾਰੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵਲੋਂ ਪਿੰਡ ਘਸੋਖਾਨਾ ਦੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਸੀਵਰੇਜ ਦੇ ਗੰਦੇ ਪਾਣੀ ਨੂੰ ਪਿੰਡ ਦੀਆਂ ਗਲੀਆਂ ਵਿਚੋਂ ਦੀ ਘੁਮਾ ਕੇ ਅੱਗੇ ਲਿਜਾਇਆ ਜਾ ਰਿਹਾ ਹੈ | ਪਿੰਡ ਦੇ ਪੀਣ ਵਾਲੇ ਪਾਣੀ ਦੀ ਅਤੇ ਗੰਦੇ ਪਾਣੀ ਦੀ ਲੀਕੇਜ਼ ਨਾਲ ਲੋਕਾਂ ਦੀ ਸਿਹਤ ਪ੍ਰਭਾਵਿਤ ਹੋਵੇਗੀ ਅਤੇ ਖਤਰਨਾਕ ਬਿਮਾਰੀਆਂ ਫੈਲਣਗੀਆਂ, ਇਸ ਸੰਬੰਧੀ ਕਿਸਾਨ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਜਦੋਂ ਮੌੜ ਤੋਂ ਬਠਿੰਡਾ ਰੋਡ ਦੇ ਨਾਲ ਨਾਲ ਪਾਇਪ ਪਾਈ ਜਾ ਚੁੱਕੀ ਹੈ | ਇਸ ਤੋਂ ਅੱਗੇ ਵੀ ਰੋਡ ਦੇ ਨਾਲ ਪਾਈ ਜਾਵੇ | ਇਸ ਪਾਇਪ ਲਾਈਨ ਨੂੰ ਪਿੰਡ ਵਿਚੋਂ ਦੀ ਪੈਣ ਦਾ ਸਮੁੱਚੇ ਪਿੰਡ ਵਾਸੀ ਅਤੇ ਨਗਰ ਪੰਚਾਇਤ ਤੇ ਬੀਕੇਯੂ ਸਿੱਧੂਪੁਰ ਡਟ ਕੇ ਵਿਰੋਧ ਕਰ ਰਹੇ ਸਨ | ਮੌਕੇ ਦੇ ਵਿਧਾਇਕ ਦੀ ਸ਼ਹਿ 'ਤੇ ਜ਼ਿਲਾ ਬਠਿੰਡਾ ਦਾ ਪ੍ਰਸ਼ਾਸਨ ਭਾਰੀ ਪੁਲਿਸ ਬਲਦੇ ਜ਼ੋਰ 'ਤੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਧੱਕੇ ਨਾਲ ਬੱਸਾਂ ਵਿਚ ਬੰਦ ਕਰਕੇ ਥਾਣਿਆਂ ਵਿਚ ਭੇਜਿਆ ਗਿਆ | ਇਸ ਤੋਂ ਬਾਅਦ ਵਿਚ ਪਹਿਲਾ ਜਥਾ 21 ਮਈ ਨੂੰ ਬਲਦੇਵ ਸੰਦੋਹਾ, ਰੇਸ਼ਮ ਵਿਚ ਯਾਤਰੀ ਅਤੇ 26 ਬੰਦਿਆਂ ਨੂੰ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ, 22 ਮਈ ਰਣਜੀਤ ਸਿੰਘ ਜੀਂਦਾ, ਕੁਲਵੰਤ ਸਿੰਘ ਨੇਹੀਆ ਵਾਲਾ, ਜਸਵੀਰ ਸਿੰਘ ਗਹਿਰੀ ਸਮੇਤ ਪਾ ਕਿਸਾਨਾਂ ਨੂੰ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ, 27 ਮਈ ਨੂੰ ਸੂਬਾ ਆਗੂ ਕਾਕਾ ਸਿੰਘ ਕੋਟੜਾ 6 ਕਿਸਾਨਾਂ ਨੂੰ ਗਿ੍ਫ਼ਤਾਰ ਕੀਤਾ, ਜਿਸ ਵਿਚੋਂ ਕਾਕਾ ਸਿੰਘ ਕੋਟੜਾ ਨੂੰ ਸਾਥੀਆਂ ਸਮੇਤ ਅੰਮਿ੍ਤਸਰ ਜੇਲ੍ਹ ਭੇਜਿਆ ਗਿਆ | ਗੁਰਮੇਲ ਸਿੰਘ ਲਹਿਰਾ, ਮੁਖ਼ਤਿਆਰ ਸਿੰਘ ਨੂੰ ਸਾਥੀਆਂ ਸਮੇਤ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ, 29 ਮਈ ਨੂੰ ਰਾਜਵੀਰ ਸਿੰਘ ਸ਼ੇਖਪੁਰਾ ਨੂੰ ਸਾਥੀਆਂ ਸਮੇਤ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ, 30 ਮਈ ਨੂੰ ਹਰਭਗਵਾਨ ਸਿੰਘ ਸਾਥੀਆਂ ਸਮੇਤ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਭੇਜਿਆ ਗਿਆ | ਸਰਕਾਰ ਦੇ ਇਸ ਜਬਰ ਖਿਲਾਫ਼ 27 ਮਈ ਨੂੰ ਜੇਲ੍ਹ ਵਿਚ ਭੁੱਖ ਹੜਤਾਲ 'ਤੇ ਬੈਠੇ ਆਗੂ ਬਲਦੇਵ ਸਿੰਘ ਸੰਦੋਹਾ, ਹਰਭਜਨ ਕੁਮਾਰ ਮਹਿਤਾ, ਬਹਾਦਰ ਸਿੰਘ ਕੋਟਸ਼ਮੀਰ, ਗੁਰਮੀਤ ਸਿੰਘ, ਹਰਬੰਸ ਸਿੰਘ, ਨਛੱਤਰ ਸਿੰਘ, ਲਖਵਿੰਦਰ ਸਿੰਘ ਆਦਿ ਦਾ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਹਰ ਰੋਜ਼ ਘੱਟ ਰਿਹਾ ਹੈ, ਜਿਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ | ਆਗੂਆਂ ਦੀ ਮੰਗ ਹੈ ਕਿ ਬਿਨਾ ਸ਼ਰਤ ਰਿਹਾਅ ਕਰਨਾ, ਸੀਵਰੇਜ਼ ਨੂੰ ਪਿੰਡ ਤੋਂ ਕਢਵਾਉਣਾ, ਭੁੱਖ ਹੜਤਾਲ 'ਤੇ ਬੈਠੇ ਆਗੂਆਂ ਦੀ ਪੇਸ਼ੀ ਆਨਲਾਇਨ ਕਰਵਾਉਣਾ ਆਦਿ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਗਲਾ ਐਕਸ਼ਨ ਸਖ਼ਤ ਕੀਤਾ ਜਾਵੇਗਾ |