ਮਲੋਟ, 31 ਮਈ (ਅਜਮੇਰ ਸਿੰਘ ਬਰਾੜ, ਪਾਟਿਲ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਬੀਤੀ ਰਾਤ ਗੁਰਦੁਆਰਾ ਭਾਈ ਜਗਤਾ ਜੀ ਸੇਵਾ ਪੰਥੀ ਮਲੋਟ ਵਿਖੇ ਇਕ ਧਾਰਮਿਕ ਸਮਾਗਮ ਵਿਚ ਪੁੱਜੇ | ਸਿੰਘ ਸਾਹਿਬ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪਹਿਲੇ ਸ਼ਹੀਦ ਹੋਏ ਨੇ, ਇਸ ਲਈ ਉਨ੍ਹਾਂ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ | ਉਨ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਦੱਸਦਿਆਂ ਕਿਹਾ ਕਿ ਦੁਨੀਆਂ 'ਤੇੇ ਬਹੁਤ ਚੀਜ਼ਾਂ ਠੰਢੀਆਂ ਨੇ ਜੋ ਤਨ, ਮਨ ਨੂੰ ਠੰਢਕ ਦਿੰਦੀਆਂ ਹਨ ਪਰ ਜੋ ਠੰਢ ਗੁਰੂ ਦਾ ਨਾਮ ਜਪ ਕੇ ਮਿਲਦੀ ਹੈ ਉਹ ਹੋਰ ਕਿਸੇ ਵੀ ਚੀਜ਼ ਤੋਂ ਨਹੀਂ ਮਿਲਦੀ, ਇਸ ਲਈ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ | ਜਥੇਦਾਰ ਸਾਹਿਬ ਨੇ ਕਿਹਾ ਕਿ ਸਾਡੇ ਵਿਚ ਸਹਿਣਸ਼ੀਲਤਾ ਘਟ ਗਈ ਹੈ ਤੇ ਅਸੀਂ ਇਸੇ ਲਈ ਹੀ ਇਕ ਥਾਂ ਇਕੱਠੇ ਹੋ ਕੇ ਵੀ ਨਹੀਂ ਬੈਠ ਰਹੇ | ਸਾਰੇ ਸਿੱਖ ਗੁਰਸਿੱਖ ਪੰਜ ਕਕਾਰ ਪਹਿਨਦੇ ਹਨ ਤੇ ਅੰਮਿ੍ਤ ਛਕਾਉਣ ਵੇਲੇ ਸਾਰਿਆਂ ਨੂੰ ਪੰਜ ਬਾਣੀਆਂ ਦਾ ਪਾਠ ਸੁਣਾਇਆ ਜਾਂਦਾ ਹੈ ਤੇ ਸਾਰਿਆਂ ਦਾ ਇਕ ਗੁਰੂ ਗ੍ਰੰਥ ਸਾਹਿਬ ਹੈ, ਪਰ ਫਿਰ ਵੀ ਅਸੀਂ ਐਵੇਂ ਹੀ ਲੜੀ ਜਾਨੇ ਹਾਂ ਅਤੇ ਇਕ ਦੂਜੇ ਤੇ ਦੂਸ਼ਣਬਾਜ਼ੀਆਂ ਮੁੱਕਣ ਹੀ ਨਹੀਂ ਦਿੰਦੇ | ਸਿੱਖ ਜਗਤ ਨੂੰ ਕਿਹਾ ਕਿ ਉਹ ਦੁਨੀਆਂ ਭਰ ਵਿਚ ਕਿਤੇ ਵੀ ਰਹਿੰਦੇ ਹੋਣ ਘਰਾਂ ਵਿਚ ਗੁਰਬਾਣੀ ਦਾ ਪਾਠ ਜ਼ਰੂਰ ਕਰਨ | ਇਸ ਤੋਂ ਪਹਿਲਾਂ ਭਾਈ ਬਿੰਦਰ ਸਿੰਘ ਤੰਤੀ ਸਾਜਾਂ ਵਾਲੇ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਬਹੁਤ ਹੀ ਰਸ ਭਿੰਨਾ ਕੀਰਤਨ ਕੀਤਾ ਗਿਆ | ਪ੍ਰਬੰਧਕਾਂ ਵਿਚ ਭਾਈ ਮਨਦੀਪ ਸਿੰਘ, ਭਾਈ ਸਿਮਰਨਜੀਤ ਸਿੰਘ, ਪੰਜਾਬ ਸਿੰਘ ਤਪਾ ਖੇੜਾ ਤੇ ਹੋਰ ਵੀ ਬਹੁਤ ਸਾਰੇ ਪ੍ਰਬੰਧਕਾਂ ਨੇ ਦਿਨ ਰਾਤ ਇਕ ਕਰਕੇ ਸਮਾਗਮ ਨੂੰ ਸਫ਼ਲ ਬਣਾਇਆ | ਭਾਈ ਮਨਦੀਪ ਸਿੰਘ ਨੇ ਜਥੇਦਾਰ ਭਾਈ ਕੁਲਦੀਪ ਸਿੰਘ ਗੁੜਗੱਜ ਨੂੰ ਸਮੁੱਚੀ ਸੰਗਤ ਵਲੋਂ ਜੀ ਆਇਆਂ ਆਖਦਿਆਂ ਸ੍ਰੀ ਸਾਹਿਬ, ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਦੀਪ ਸਿੰਘ, ਕਾਬਲ ਸਿੰਘ, ਦੇਸਰਾਜ ਸਿੰਘ, ਚਰਨਜੀਤ ਸਿੰਘ ਖ਼ਾਲਸਾ, ਪ੍ਰਧਾਨ ਹਰਦਿਆਲ ਸਿੰਘ, ਪ੍ਰਧਾਨ ਹਰਸ਼ਰਨ ਸਿੰਘ ਰਾਜਪਾਲ, ਪ੍ਰਧਾਨ ਸਵਰਨ ਸਿੰਘ, ਪ੍ਰਧਾਨ ਹਰਮੰਦਰ ਸਿੰਘ ਹੈਰੀ, ਮਾਸਟਰ ਹਰਜਿੰਦਰ ਸਿੰਘ, ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ, ਬਿਕਰ ਸਿੰਘ ਆਦਿ ਹਾਜ਼ਰ ਸਨ |