ਕੋਟਕਪੂਰਾ, 2 ਜੂਨ (ਮੋਹਰ ਸਿੰਘ ਗਿੱਲ)-ਕੋਟਕਪੂਰਾ ਨਿਵਾਸੀ ਡਾ. ਪ੍ਰੀਤ ਕਮਲ ਨੇ ਸ਼ਹਿਰੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਉਸ ਦੀ ਸ਼ਾਦੀ ਗੁਰਇੰਦਰਪਾਲ ਸਿੰਘ ਵਾਸੀ ਪਿੰਡ ਬਾਮ (ਸ੍ਰੀ ਮੁਕਤਸਰ ਸਾਹਿਬ) ਨਾਲ ਹੋਈ ਸੀ ਜੋ ਪਰਿਵਾਰ ਸਮੇਤ ਯੂ.ਐਸ.ਏ ਰਹਿੰਦਾ ਹੈ | ਸ਼ਾਦੀ ਸਮੇਂ ਪਰਿਵਾਰ ਵਾਲਿਆਂ ਨੇ ਕਾਫੀ ਦਾਜ ਦਹੇਜ ਵੀ ਦਿੱਤਾ | ਬਿਆਨਕਰਤਾ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਸ਼ਾਦੀ ਤੋਂ ਬਾਅਦ ਆਪਣੇ ਨਾਲ ਯੂ.ਐਸ.ਏ. ਲੈ ਕੇ ਜਾਣ ਦਾ ਵਾਅਦਾ ਕੀਤਾ ਸੀ | ਉਪਰੰਤ ਬਿਆਨਕਰਤਾ ਨੂੰ ਉਸ ਦਾ ਪਤੀ, ਸੱਸ ਅਤੇ ਸਹੁਰਾ ਯੂ.ਐਸ.ਏ ਆਪਣੇ ਨਾਲ ਲਿਜਾਣ ਦੇ ਬਦਲੇ 'ਚ ਕਥਿਤ ਤੌਰ 'ਤੇ 1 ਕਰੋੜ ਦੀ ਮੰਗ ਕਰਨ ਲੱਗੇ | ਉਕਤ ਬਿਆਨ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਬਿਆਨਕਰਤਾ ਦੇ ਪਤੀ ਅਤੇ ਸੱਸ ਸਹੁਰੇ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |