ਮਲੋਟ, 2 ਜੂਨ (ਪਾਟਿਲ)- ਸੀਨੀਅਰ ਸਿਟੀਜਨ ਵੈੱਲਫ਼ੇਅਰ ਐਸੋਸੀਏਸ਼ਨ ਮਲੋਟ ਦੀ ਮੀਟਿੰਗ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਝਾਂਬ ਗੈਸਟ ਹਾਊਸ ਮਲੋਟ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਪਿਛਲੇ ਸਾਲ ਦਾ ਲੇਖਾ-ਜੋਖਾ ਕੀਤਾ ਗਿਆ ਤੇ ਸਾਰੇ ਮੈਂਬਰਾਂ ਵਲੋਂ ਤਸੱਲੀ ਪ੍ਰਗਟ ਕੀਤੀ ਗਈ | ਇਸ ਮੌਕੇ ਡਾ. ਸੁਖਦੇਵ ਸਿੰਘ ਗਿੱਲ ਨੂੰ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ | ਡਾ. ਗਿੱਲ ਨੇ ਸਾਰੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅਹੁਦੇਦਾਰਾਂ ਦੀ ਚੋਣ ਕੀਤੀ | ਇਸ ਦੌਰਾਨ ਮਾਸਟਰ ਹਿੰਮਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ, ਜਦਕਿ ਹਰਸ਼ਰਨ ਸਿੰਘ ਰਾਜਪਾਲ ਨੂੰ ਚੇਅਰਮੈਨ, ਡਾ. ਸੁਖਦੇਵ ਸਿੰਘ ਗਿੱਲ ਸਰਪ੍ਰਸਤ, ਜਸਵੰਤ ਸਿੰਘ ਹੁੰਦਲ ਸੀਨੀਅਰ ਵਾਈਸ ਚੇਅਰਮੈਨ, ਰਕੇਸ਼ ਕੁਮਾਰ ਜੈਨ ਜਨਰਲ ਸਕੱਤਰ, ਸੁਰਿੰਦਰ ਸਿੰਘ ਮੱਕੜ ਖ਼ਜ਼ਾਨਚੀ, ਕਸ਼ਮੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਸੋਨੀ ਸਕੱਤਰ ਚੁਣੇ ਗਏ | ਇਹ ਚੋਣ 2 ਸਾਲਾਂ ਲਈ ਕੀਤੀ ਗਈ ਹੈ | ਡਾ. ਗਿੱਲ ਨੇ ਕਿਹਾ ਕਿ ਬਾਕੀ ਅਹੁਦੇਦਾਰਾਂ ਦਾ ਐਲਾਨ ਅਗਲੀ ਮੀਟਿੰਗ 'ਚ ਕੀਤਾ ਜਾਵੇਗਾ | ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰੀ ਦਫ਼ਤਰਾਂ 'ਚ ਸੀਨੀਅਰ ਸਿਟੀਜ਼ਨ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ | ਪ੍ਰਧਾਨ ਹਿੰਮਤ ਸਿੰਘ ਨੇ ਡਾ. ਗਿੱਲ ਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੀਨੀਅਰ ਸਿਟੀਜ਼ਨ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ |